ਅਮਰੀਕੀ-ਭਾਰਤੀ ਮਾਹਿਰ ਐਸ਼ਲੀ ਟੈਲਿਸ ਗੁਪਤ ਦਸਤਾਵੇਜ਼ ਮਾਮਲੇ ‘ਚ ਗ੍ਰਿਫਤਾਰ

ਵਾਸ਼ਿੰਗਟਨ, – ਸਰਬਜੀਤ ਸਿੰਘ ਬਨੂੜ- ਅਮਰੀਕਾ ਵਿੱਚ ਭਾਰਤ-ਅਮਰੀਕਾ ਰਣਨੀਤਿਕ ਸੰਬੰਧਾਂ ਦੇ ਪ੍ਰਸਿੱਧ ਵਿਸ਼ਲੇਸ਼ਕ ਅਤੇ ਸਾਬਕਾ ਸਰਕਾਰੀ ਸਲਾਹਕਾਰ ਐਸ਼ਲੀ ਟੈਲਿਸ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗੁਪਤ ਦਸਤਾਵੇਜ਼ ਰੱਖਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ।
ਫੈਡਰਲ ਜਾਂਚ ਏਜੰਸੀਆਂ ਅਨੁਸਾਰ, ਟੈਲਿਸ ਦੇ ਘਰੋਂ ਹਜ਼ਾਰ ਤੋਂ ਵੱਧ ਪੰਨਿਆਂ ਦੇ ਟਾਪ ਸੀਕ੍ਰੇਟ ਅਤੇ ਸੀਕ੍ਰੇਟ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਸੀ।
ਅਦਾਲਤੀ ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕਿ ਟੈਲਿਸ ਨੇ ਪਿਛਲੇ ਮਹੀਨਿਆਂ ਦੌਰਾਨ ਅਮਰੀਕੀ ਰਾਜ ਵਿਭਾਗ ਅਤੇ ਰੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਦਾਖਲ ਹੋ ਕੇ ਦਸਤਾਵੇਜ਼ ਪ੍ਰਿੰਟ ਕਰਕੇ ਆਪਣੇ ਨਿੱਜੀ ਬੈਗਾਂ ‘ਚ ਘਰ ਲਿਜਾਣੇ ਸ਼ੁਰੂ ਕਰ ਦਿੱਤੇ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਕਈ ਵਾਰ ਚੀਨੀ ਸਰਕਾਰੀ ਅਧਿਕਾਰੀਆਂ ਨਾਲ ਮਿਲਦਾ ਰਿਹਾ, ਜਿਸ ਵਿੱਚ ਸਤੰਬਰ ਮਹੀਨੇ ਫੇਅਰਫੈਕਸ (ਵਰਜੀਨੀਆ) ਵਿੱਚ ਹੋਇਆ ਇਕ ਡਿਨਰ ਵੀ ਸ਼ਾਮਲ ਹੈ।
ਐਸ਼ਲੀ ਟੈਲਿਸ ਨੇ ਜਾਰਜ ਡਬਲਯੂ. ਬੁਸ਼ ਪ੍ਰਸ਼ਾਸਨ ਦੇ ਸਮੇਂ ਨੈਸ਼ਨਲ ਸਿਕਿਊਰਿਟੀ ਕੌਂਸਲ ਵਿੱਚ ਕੰਮ ਕੀਤਾ ਸੀ ਅਤੇ ਕਈ ਅਮਰੀਕੀ ਸਰਕਾਰਾਂ ਲਈ ਭਾਰਤ-ਅਮਰੀਕਾ ਸੰਬੰਧਾਂ ‘ਤੇ ਸਲਾਹਕਾਰ ਰਿਹਾ। ਉਹ ਇਸ ਵੇਲੇ ਵਾਸ਼ਿੰਗਟਨ ਆਧਾਰਿਤ ਕਾਰਨੇਗੀ ਐਂਡਾਉਮੈਂਟ ਫਾਰ ਇੰਟਰਨੈਸ਼ਨਲ ਪੀਸ ਵਿਖੇ ਸੀਨੀਅਰ ਫੈਲੋ ਸੀ।
ਸੰਸਥਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਸਾਨੂੰ ਇਸ ਮਾਮਲੇ ਦੀ ਜਾਣਕਾਰੀ ਹੈ ਅਤੇ ਐਸ਼ਲੀ ਟੈਲਿਸ ਨੂੰ ਐਡਮਿਨਿਸਟ੍ਰੇਟਿਵ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।
ਫੈਡਰਲ ਕਾਨੂੰਨ ਅਨੁਸਾਰ, ਜੇਕਰ ਉਹ ਦੋਸ਼ੀ ਸਾਬਤ ਹੁੰਦਾ ਹੈ, ਤਾਂ ਉਸਨੂੰ ਦਸ ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਤੱਕ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਵਿਦੇਸ਼ੀ ਨੀਤੀ ਦੇ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਇਹ ਗ੍ਰਿਫਤਾਰੀ ਅਮਰੀਕਾ-ਭਾਰਤ ਰੱਖਿਆ ਸਾਂਝ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ, ਕਿਉਂਕਿ ਟੈਲਿਸ ਉਹਨਾਂ ਚਿਹਰਿਆਂ ਵਿੱਚੋਂ ਇੱਕ ਸੀ ਜੋ ਦੋਹਾਂ ਦੇਸ਼ਾਂ ਨੂੰ ਰਣਨੀਤਿਕ ਸਾਥੀ ਬਣਾਉਣ ਦੀ ਮੁਹਿੰਮ ਦਾ ਮੁੱਖ ਹਿੱਸਾ ਸੀ।

