Ventilator blast in NICU of Amravati Hospital, 3 patients die, stampede ensues
ਅਮਰਾਵਤੀ ਹਸਪਤਾਲ ਦੇ NICU ‘ਚ ਵੈਂਟੀਲੇਟਰ ਬਲਾਸਟ, 3 ਜਵਾਕਾਂ ਦੀ ਮੌਤ, ਪਈਆਂ ਭਾਜੜਾਂ
Mumbai, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਪੈਸ਼ਲ ਨਿਊਬੌਰਨ ਕੇਅਰ ਯੂਨਿਟ (SNCU/NICU) ਵਿੱਚ ਵੈਂਟੀਲੇਟਰ ਵਿੱਚ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਚਾਰੇ ਪਾਸੇ ਧੂੰਆਂ ਹੋ ਗਿਆ ਅਤੇ ਦਮ ਘੁੱਟਣ ਕਾਰਨ ਤਿੰਨ ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ। ਜਿਸ ਸਮੇਂ ਇਹ ਘਟਨਾ ਵਾਪਰੀ, ਉਦੋਂ ਵਾਰਡ ਵਿੱਚ ਕੁੱਲ 39 ਨਵਜੰਮੇ ਬੱਚੇ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਵੇਰੇ 3:30 ਵਜੇ ਦੇ ਕਰੀਬ ਹੋਇਆ ਹੈ, ਜਿਸ ਦੀ ਆਵਾਜ਼ ਨਾਲ ਪੂਰਾ ਹਸਪਤਾਲ ਕੰਬ ਪਿਆ। ਬਾਕੀ ਬਚੇ ਬੱਚਿਆਂ ਨੂੰ ਡਾਕਟਰਾਂ ਅਤੇ ਡਿਊਟੀ ‘ਤੇ ਮੌਜੂਦ ਸਟਾਫ਼ ਨੇ ਜਲਦੀ ਹੀ ਬਾਹਰ ਕੱਢ ਲਿਆ। ਅੱਗ ਅਤੇ ਧੂੰਏਂ ਦੇ ਸਾਹ ਲੈਣ ਨਾਲ ਬੁਰੀ ਤਰ੍ਹਾਂ ਪ੍ਰਭਾਵਿ ਹੋਏ ਛੇ ਬੱਚਿਆਂ ਨੂੰ ਤੁਰੰਤ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਹਾਰਾਸ਼ਟਰ ਦੇ ਮਾਲ ਮੰਤਰੀ ਅਤੇ ਅਮਰਾਵਤੀ ਦੇ ਸਰਪ੍ਰਸਤ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਜ਼ਖਮੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਹਰ ਜ਼ਰੂਰੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪੁਲਸ ਅਧਿਕਾਰੀ ਓਲਾ ਨੇ ਦੱਸਿਆ ਕਿ ਐਨਆਈਸੀਯੂ ਵਿੱਚ ਤਿੰਨ ਭਾਗ ਹਨ: ਇੱਕ ਹਸਪਤਾਲ ਵਿੱਚ ਪੈਦਾ ਹੋਏ ਬੱਚਿਆਂ ਲਈ, ਦੂਜਾ ਬਾਹਰੋਂ ਲਿਆਂਦੇ ਗਏ ਬੱਚਿਆਂ ਲਈ, ਅਤੇ ਤੀਜਾ ਛੁੱਟੀ ਲਈ ਤਿਆਰ ਬੱਚਿਆਂ ਲਈ। ਉਨ੍ਹਾਂ ਕਿਹਾ ਕਿ ਬਾਹਰੋਂ ਲਿਆਂਦੇ ਗਏ ਬੱਚਿਆਂ ਲਈ ਸੈਕਸ਼ਨ ਵਿੱਚ ਇੱਕ ਵੈਂਟੀਲੇਟਰ ਨੂੰ ਅੱਗ ਲੱਗ ਗਈ। ਬਾਵਨਕੁਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਅੱਗ ਲੱਗਦੇ ਹੀ ਡਿਊਟੀ ‘ਤੇ ਮੌਜੂਦ ਹਸਪਤਾਲ ਦੇ ਸਟਾਫ ਨੇ ਮੌਕੇ ‘ਤੇ ਪਹੁੰਚ ਕੇ ਬਾਕੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੀ ਬਿਜਲੀ ਸ਼ਾਖਾ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨਗੇ। ਬਾਵਨਕੁਲੇ ਨੇ ਬੱਚਿਆਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਮੰਤਰੀ ਨੇ ਕਿਹਾ, “ਸਰਕਾਰ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ, ਅਤੇ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।”

