Yogi Adityanath conducts aerial survey of flood-hit areas in Chitrakoot
ਯੋਗੀ ਆਦਿਤਿਆਨਾਥ ਨੇ ਚਿੱਤਰਕੂਟ ‘ਚ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
ਚਿੱਤਰਕੂਟ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਾਚੀਨ ਤੀਰਥ ਸਥਾਨ ਚਿੱਤਰਕੂਟ ‘ਚ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰ ਦਾ ਹਵਾਈ ਸਰਵੇਖਣ ਅਤੇ ਨਿਰੀਖਣ ਕਰਨ ਤੋਂ ਬਾਅਦ 800 ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ, ਜ਼ਮੀਨ ਅਲਾਟਮੈਂਟ ਸਰਟੀਫਿਕੇਟ ਅਤੇ ਹੜ੍ਹਾਂ ਤੋਂ ਬੇਘਰ ਹੋਏ ਲੋਕਾਂ ਨੂੰ ਆਫ਼ਤ ਰਾਹਤ ਫੰਡ ‘ਚੋਂ ਰਾਹਤ ਫੰਡ ਦਿੱਤਾ। ਹੈਲੀਕਾਪਟਰ ਸਰਵੇਖਣ ਕਰਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਰਾਮਘਾਟ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦਾ ਜ਼ਮੀਨੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹ ਦੇ ਬਾਵਜੂਦ, ਭਗਵਾਨ ਸ਼੍ਰੀ ਰਾਮ ਦੀ ਕਿਰਪਾ ਨਾਲ, ਇਕ ਵੀ ਜਨਹਾਨੀ ਨਹੀਂ ਹੋਈ। ਇਹ ਭਗਵਾਨ ਸ਼੍ਰੀ ਕਾਮਤਾਨਾਥ ਦੀ ਕਿਰਪਾ ਦਾ ਹੀ ਫਲ ਹੈ। ਉਨ੍ਹਾਂ ਕਿਹਾ ਕਿ ਜੋ ਸੜਕਾਂ, ਬਿਜਲੀ ਦੇ ਖੰਭੇ, ਪੁਲ ਆਦਿ ਰੁੜ੍ਹ ਗਏ ਹਨ ਜਾਂ ਉਖੜ ਗਏ ਹਨ, ਉਨ੍ਹਾਂ ਸਾਰਿਆਂ ਦੀ ਮੁਰੰਮਤ ਦਾ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾਵੇਗਾ, ਉਸ ਦਾ ਫੰਡ ਅੱਜ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠ ਕੇ ਅਲਾਟ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਵਿਅਕਤੀ ਹੜ੍ਹ ਦੀ ਲਪੇਟ ‘ਚ ਆਏ ਹਨ, ਉਨ੍ਹਾਂ ਦੇ ਭੋਜਨ, ਮੈਡੀਕਲ ਦੀ ਵਿਵਸਥਾ ਸੁਚਾਰੂ ਰੂਪ ਨਾਲ ਕਰੋ। ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਜਦੋਂ ਹੜ੍ਹ ਆਉਂਦੇ ਸਨ, ਤਾਂ ਕੋਈ ਵੀ ਸਰਕਾਰ ਧਿਆਨ ਨਹੀਂ ਦਿੰਦੀ ਸੀ। ਉਹ ਸਭ ਵੰਡ ਕੇ ਖਾ ਜਾਂਦੇ ਸਨ। 2017 ਤੋਂ, ਇਹ ਸਾਰੇ ਨਿਯਮ ਬਦਲ ਦਿੱਤੇ ਗਏ ਹਨ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੁਣ ਪੂਰਾ ਰਾਸ਼ਨ ਦਿੱਤਾ ਜਾਂਦਾ ਹੈ, ਜਿਸ ‘ਚ 10 ਕਿਲੋ ਚੌਲ, 10 ਕਿਲੋ ਆਟਾ, ਦਾਲ, ਤੇਲ, ਮਿਰਚ ਅਤੇ ਮਸਾਲੇ ਸ਼ਾਮਲ ਹਨ। ਸਿਹਤ ਕੇਂਦਰਾਂ ‘ਚ ਟੀਕੇ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਫ਼ਤ ਦੇ ਸਮੇਂ ‘ਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਪੀੜਤ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੰਤਰੀ ਨੰਦ ਗੋਪਾਲ ਨੰਦੀ, ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ, ਸਾਬਕਾ ਸੰਸਦ ਮੈਂਬਰ ਆਰ.ਕੇ. ਸਿੰਘ ਪਟੇਲ, ਸਾਬਕਾ ਸੰਸਦ ਮੈਂਬਰ ਭੈਰਵ ਪ੍ਰਸਾਦ ਮਿਸ਼ਰਾ, ਸਾਬਕਾ ਸੰਸਦ ਮੈਂਬਰ ਰਮੇਸ਼ ਚੰਦਰ ਦਿਵੇਦੀ, ਵਿਧਾਇਕ ਅਵਿਨਾਸ਼ ਚੰਦਰ ਦਿਵੇਦੀ, ਸਾਬਕਾ ਵਿਧਾਇਕ ਆਨੰਦ ਸ਼ੁਕਲਾ, ਪੰਕਜ ਅਗਰਵਾਲ, ਨਰਿੰਦਰ ਗੁਪਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਇਸ ਸਮਾਗਮ ‘ਚ ਮੌਜੂਦ ਸਨ।

