ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਉਪਕਾਰ ਸਿੰਘ ਸੰਧੂ ਗ੍ਰਿਫਤਾਰ

ਭਾਰਤ ਤੋਂ ਬਾਹਰਲੇ ਮੁਲਕਾਂ ਅਤੇ ਭਾਰਤ ਵਿੱਚ ਸਿੱਖਾਂ ਦੇ ਹੋ ਰਹੇ ਕਤਲੇਆਮ, ਕਿਸਾਨਾਂ ਦੀਆਂ ਮੰਗਾਂ, ਪਹਿਲੇ ਬੰਦੀ ਸਿੰਘਾਂ ਅਤੇ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਦੇ ਹੋ ਰਹੇ ਕਤਲੇਆਮ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲਿਆਂ ਸਬੰਧੀ ਚੱਲ ਰਹੇ ਧਰਨਿਆਂ ਵਿੱਚ ਵੀ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਡਿਬਰੂਗੜੵ ਜੇਲ ਵਿੱਚ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਵੱਲੋਂ ਲਗਾਏ ਧਰਨੇ ਨੂੰ ਵੀ ਪੂਰਨ ਸਮਰਥਨ ਦਿੱਤਾ ਗਿਆ ਹੈ। ਇਸ ਸਭ ਦੇ ਚਲਦਿਆਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਸ ਵੱਜੋਂ ਅੱਜ 4 ਮਾਰਚ ਨੂੰ ਪੂਰੇ ਪੰਜਾਬ ਭਰ ਵਿੱਚ ਰੇਲਾਂ ਰੋਕਣ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਤਹਿਤ ਪਾਰਟੀ ਦੇ ਕੌਮੀ ਜਰਨਲ ਸਕੱਤਰ ਸ੍ਰ ਉਪਕਾਰ ਸਿੰਘ ਸੰਧੂ ਨੂੰ ਅੱਜ ਮਾਨਾਂਵਾਲਾ ਟੋਲ ਪਲਾਜਾ ਦੇ ਨਜਦੀਕ ਪੈਂਦੇ ਦੇਵੀਦਾਸਪੁਰਾ ਰੇਲਵੇ ਫਾਟਕ ਤੇ ਪਹੁੰਚਦਿਆਂ ਹੀ ਉਹਨਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਥਾਣਾਂ ਕੰਟੋਨਮੈਂਟ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਇਸ ਗ੍ਰਿਫਤਾਰੀ ਦੌਰਾਨ ਸ੍ਰ ਸੰਧੂ ਨੇ ਪੱਤਰਕਾਰਾਂ ਨਾਲ ਫੋਨ ਤੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਮੁੱਖ ਰੱਖਕੇ ਸਰਕਾਰ ਵਿਰੋਧੀ ਧਰਨੇ ਤੇ ਰੋਸ ਪ੍ਰਦਰਸ਼ਨ ਕਰਨੇ ਬਿਲਕੁਲ ਸੰਵਿਧਾਨਕ ਅਤੇ ਜਾਇਜ਼ ਹਨ ਪ੍ਰੰਤੂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਭ ਕੁਝ ਜਾਣਦਿਆਂ ਬੁਝਦਿਆਂ ਘੱਟ ਗਿਣਤੀਆਂ ਖ਼ਾਸ ਕਰਕੇ ਸਿੱਖਾਂ ਦੇ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ। ਉਹਨਾਂ ਕਿਹਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੰਦੀ ਸਿੰਘਾਂ ਦੇ ਪਰਿਵਾਰਾਂ ਅਤੇ ਕਿਸਾਨੀ ਮੰਗਾਂ ਦੇ ਤਹਿਤ ਕਿਸਾਨਾਂ ਦੇ ਨਾਲ ਖੜੀ ਸੀ ਅਤੇ ਹਮੇਸ਼ਾਂ ਖੜੀ ਰਹੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕਰਦੀ, ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਅਤੇ ਡਿਬਰੂਗੜ ਜੇਲ ਵਿੱਚ ਨਜਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਵੀ ਜਾਰੀ ਰਹੇਗਾ।