
ਐਸ.ਏ.ਐਸ ਨਗਰ 18 ਜਨਵਰੀ,2024- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਤੇ ਪਾਰਟੀ ਦੇ ਬੁਲਾਰੇ ਸ.ਦਵਿੰਦਰ ਸਿੰਘ ਸੋਢੀ ਨੇ ਜੰਮੂ ਅਤੇ ਕਸ਼ਮੀਰ ਹਾਈਕੋਰਟ ਵੱਲੋਂ ਸਿੱਖ ਦੇ ਨਾਮ ਪਿੱਛੇ ਸਿੰਘ ਜਾਂ ਕੌਰ ਜ਼ਰੂਰੀ ਨਾ ਹੋਣ ਦੇ ਦਿੱਤੇ ਫੈਸਲੇ ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆ ਹਾਈਕੋਰਟ ਦੀ ਇਸ ਟਿੱਪਣੀ ਨੂੰ ਸਿੱਧੇ ਤੌਰ ਤੇ ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਰਹਿਣੀ ਦੇ ਬਿਲਕੁਲ ਵਿਰੁੱਧ ਕਰਾਰ ਦਿੱਤਾ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਸਿੱਖ ਦੀ ਪਛਾਣ ਅਦਾਲਤਾਂ ਦੀ ਮੁਹਤਾਜ਼ ਨਹੀਂ ਹੈ।ਸ. ਸੋਢੀ ਨੇ ਕਿਹਾ ਕਿ ਅਜਿਹੇ ਫ਼ੈਸਲਿਆ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਅੱਗੇ ਉਹਨਾਂ ਕਿਹਾ ਕਿ ਹਾਈਕੋਰਟ ਨੂੰ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਕੇ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਿੱਖ ਧਰਮ ਵਿੱਚ ਸਿੱਧੇ ਤੌਰ ਤੇ ਦਖ਼ਲਅੰਦਾਜ਼ੀ ਹੈ। ਇਹ ਫ਼ੈਸਲਾ ਸਿੱਖ ਕੌਮ ਲਈ ਕਦਾਚਿੱਤ ਵੀ ਮੰਨਣਯੋਗ ਨਹੀਂ ਹੈ। ਸ. ਸੋਢੀ ਨੇ ਅੱਗੇ ਕਿਹਾ ਕਿ ਅਦਾਲਤਾਂ ਨੂੰ ਸਿੱਖਾਂ ਦੇ ਸਬੰਧ ਵਿੱਚ ਫ਼ੈਸਲੇ ਲੈਣ ਤੋਂ ਪਹਿਲਾ ਐਸਜੀਪੀਸੀ ਦੇ ਚੋਣਾਂ ਸਬੰਧੀ ਬਣੇ ਸੰਵਿਧਾਨ ਬਾਰੇ ਅਤੇ ਸਿੱਖ ਪਰਿਭਾਸ਼ਾ ਸਬੰਧੀ ਜਾਣਕਾਰੀ ਲੈ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਕਿਉਂਕਿ ਸਿੰਘ ਅਤੇ ਕੌਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ।