ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁਨਰਗਠਨ, ਪਹਿਲੀ ਮਹਿਲਾ ਮੈਂਬਰ ਵੀ ਕਮੇਟੀ ’ਚ ਸ਼ਾਮਲ

ਲਾਹੌਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਦਾ ਪੁਨਰਗਠਨ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਕੀਤੇ ਪੁਨਰਗਠਨ ’ਚ ਇਕ ਸਿੱਖ ਔਰਤ ਨੂੰ ਵੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 

ਕਮੇਟੀ ਦਾ ਮੁੱਖ ਉਦੇਸ਼ ਪਾਕਿਸਤਾਨ ਭਰ ’ਚ ਸਿੱਖਾਂ ਦੇ ਪਵਿੱਤਰ ਸਥਾਨਾਂ, ਗੁਰਦੁਆਰਿਆਂ ਅਤੇ ਧਾਰਮਕ ਮਾਮਲਿਆਂ ਦੀ ਸਾਂਭ-ਸੰਭਾਲ ਅਤੇ ਨਿਗਰਾਨੀ ਕਰਨਾ ਹੈ।13 ਮੈਂਬਰਾਂ ਵਿਚੋਂ ਤਿੰਨ ਸਰਕਾਰੀ ਨੁਮਾਇੰਦੇ ਹਨ, ਜਿਨ੍ਹਾਂ ਵਿਚ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ, ਧਾਰਮਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਸੀਨੀਅਰ ਸੰਯੁਕਤ ਸਕੱਤਰ ਜਾਂ ਸੰਯੁਕਤ ਸਕੱਤਰ ਅਤੇ ਇਕ ਵਧੀਕ ਸਕੱਤਰ ਧਾਰਮਕ  ਸਥਾਨ ਸ਼ਾਮਲ ਹਨ। 

ਬਾਕੀ ਦਸ ਮੈਂਬਰ ਸਿੱਖ ਭਾਈਚਾਰੇ ਦੇ ਸਤਿਕਾਰਯੋਗ ਵਿਅਕਤੀ ਹਨ ਜਿਨ੍ਹਾਂ ’ਚ ਰਮੇਸ਼ ਸਿੰਘ ਅਰੋੜਾ, ਤਾਰਾ ਸਿੰਘ, ਗਿਆਨ ਸਿੰਘ ਚਾਵਲਾ, ਸਰਵੰਤ ਸਿੰਘ, ਸਤਵੰਤ ਕੌਰ, ਹਰਮੀਤ ਸਿੰਘ, ਮਹੇਸ਼ ਸਿੰਘ, ਭਗਤ ਸਿੰਘ, ਸਾਹਿਬ ਸਿੰਘ ਅਤੇ ਡਾ. ਮਮਪਾਲ ਸਿੰਘ ਸ਼ਾਮਲ ਹਨ। 

ਆਉਣ ਵਾਲੇ ਦਿਨਾਂ ਵਿਚ ਕਮੇਟੀ ਦੀ ਉਦਘਾਟਨੀ ਬੈਠਕ ਹੋਣੀ ਹੈ, ਜਿਸ ਦੌਰਾਨ ਚੇਅਰਮੈਨ ਅਤੇ ਸਕੱਤਰ ਦੇ ਅਹੁਦਿਆਂ ਦੀ ਚੋਣ ਕੀਤੀ ਜਾਵੇਗੀ। ਸੂਤਰ ਦਸਦੇ ਹਨ ਕਿ ਪੰਜਾਬ ਵਿਧਾਨ ਸਭਾ ਦੇ ਘੱਟ ਗਿਣਤੀ ਮੈਂਬਰ ਸਰਦਾਰ ਰਮੇਸ਼ ਸਿੰਘ ਅਰੋੜਾ ਦੇ ਚੇਅਰਮੈਨ ਦੀ ਭੂਮਿਕਾ ਸੰਭਾਲਣ ਦੀ ਸੰਭਾਵਨਾ ਹੈ, ਜਦਕਿ ਤਾਰਾ ਸਿੰਘ ਦੇ ਸਕੱਤਰ ਵਜੋਂ ਸੇਵਾ ਨਿਭਾਉਣ ਦੀ ਉਮੀਦ ਹੈ।