ਹਰ ਸੱਚਾ ਪੰਜਾਬੀ ਕਿਸਾਨੀ ਸੰਘਰਸ਼ ਦੇ ਨਾਲ, ਕੇਂਦਰ ਗੱਲਬਾਤ ਰਾਹੀਂ ਕੱਢੇ ਮਸਲੇ ਦਾ ਹੱਲ- ਗੁਰਬਾਜ਼ ਸਿੰਘ ਸਿੱਧੂ।

ਤਲਵੰਡੀ ਸਾਬੋ, 29 ਫਰਵਰੀ (ਗੁਰਜੰਟ ਸਿੰਘ ਨਥੇਹਾ)- ਜਿੰਨਾਂ ਮੰਗਾਂ ਲਈ ਕਿਸਾਨ ‘ਦਿੱਲੀ ਕੂਚ’ ਦੀ ਆਪਣੀ ਰਣਨੀਤੀ ਤਹਿਤ ਹਰਿਆਣਾ ਦੀਆਂ ਹੱਦਾਂ ‘ਤੇ ਸੰਘਰਸ਼ਸ਼ੀਲ ਹਨ ਉਹ ਜਾਇਜ਼ ਹਨ ਇਸਲਈ ਹਰ ਸੱਚਾ ਪੰਜਾਬੀ ਅੱਜ ਕਿਸਾਨਾਂ ਨਾਲ ਖੜਾ ਨਜ਼ਰ ਆ ਰਿਹਾ ਹੈ, ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਨਾਲ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਦੇਖਦਿਆਂ ਮਸਲੇ ਦਾ ਹੱਲ ਕੱਢਣ ਲਈ ਫਿਰ ਤੋਂ ਗੱਲਬਾਤ ਦਾ ਰਾਹ ਅਪਨਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਦੌਰਾਨ ਕੀਤਾ।ਗੁਰਬਾਜ਼ ਸਿੰਘ ਸਿੱਧੂ ਜੋ ਕਈ ਪਿੰਡਾਂ ਚ ਆਮ ਲੋਕਾਂ ਅਤੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ਚ ਹਾਜ਼ਰੀ ਭਰਨ ਲਈ ਪੁੱਜੇ ਸਨ ਨੇ ਕਿਹਾ ਕਿ ਦਿੱਲੀ ਕਿਸਾਨੀ ਸੰਘਰਸ਼ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਜੋ ਮੰਗਾਂ ਮੰਨ ਚੁੱਕੀ ਹੈ ਉਸਨੂੰ ਲਾਗੂ ਕਰਨ ਵਿੱਚ ਹਿਚਕਿਚਾਹਟ ਕਿਉਂ ਦਿਖਾ ਰਹੀ ਹੈ ਇਹ ਸਮਝ ਤੋਂ ਪਰ੍ਹੇ ਹੈ। ਉਨਾਂ ਕਿਹਾ ਕਿ ਕਿਸਾਨਾਂ ਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਨੇ ਹਰ ਪੰਜਾਬੀ ਦੀ ਆਤਮਾ ਨੂੰ ਝੰਜੋੜਿਆ ਹੈ ਇਸਲਈ ਹਰ ਪੰਜਾਬੀ ਕਿਸਾਨੀ ਸੰਘਰਸ਼ ਨਾਲ ਖੜਾ ਦਿਖਾਈ ਦੇ ਰਿਹਾ ਹੈ। ਸਿੱਧੂ ਨੇ ਮੰਗ ਕੀਤੀ ਕਿ ਦੇਸ਼ ਦੇ ਅੰਨਦਾਤੇ ਦੀ ਆਵਾਜ਼ ਡੰਡੇ ਨਾਲ ਦਬਾਉਣ ਦੀ ਨੀਤੀ ਛੱਡ ਕੇ ਕੇਂਦਰ ਗੱਲਬਾਤ ਆਰੰਭੇ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਮਸਲੇ ਦਾ ਹੱਲ ਕੱਢੇ। ਇਸ ਮੌਕੇ ਉਨਾਂ ਨਾਲ ਜਗਤਾਰ ਨੰਬਰਦਾਰ ਭਾਗੀਵਾਂਦਰ, ਡੂੰਗਰ ਸਿੰਘ ਸੀਂਗੋ, ਦਰਸ਼ਨ ਸਿੰਘ ਫੌਜੀ ਸਾਬਕਾ ਸਰਪੰਚ, ਭੀਮ ਸਿੰਘ ਨੰਗਲਾ, ਸਰਵਣ ਸਿੰਘ ਨੰਗਲਾ, ਹਰਗੋਬਿੰਦ ਨੰਗਲਾ, ਹਰਪਾਲ ਗਾਟਵਾਲੀ, ਸੁਰਜੀਤ ਸ਼ਿੰਦੀ, ਮੰਦਿਰ ਲਹਿਰੀ ਆਦਿ ਆਗੂ ਮੌਜੂਦ ਰਹੇ।