12-year-old boy narrowly escapes abduction; incident captured on CCTV
12 ਸਾਲ ਦਾ ਬੱਚਾ ਅਗਵਾ ਹੋਣ ਤੋਂ ਵਾਲ-ਵਾਲ ਬਚਿਆ, CCTV ‘ਚ ਕੈਦ ਹੋਈ ਘਟਨਾ
ਹਰਿਆਣਾ (ਆਵਾਜ਼ਿ ਕੌਮ ਬਿਊਰੋ)-ਕਸਬਾ ਹਰਿਆਣਾ ਵਿਖੇ ਇਕ 12 ਸਾਲ ਦੇ ਬੱਚਾ ਅਗਵਾ ਹੋਣ ਤੋਂ ਵਾਲ-ਵਾਲ ਬੱਚ ਗਿਆ। 2 ਮੋਟਰਸਾਈਕਲ ਸਵਾਰਾਂ ਵੱਲੋਂ ਬੱਚੇ ਨੂੰ ਅਗਵਾ ਕਰਨ ਲਈ ਉਸ ਨੂੰ ਫੜਿਆ ਗਿਆ ਅਤੇ ਜ਼ਬਰਦਸਤੀ ਮੋਟਰਸਾਈਕਲ ‘ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਬੱਚੇ ਵੱਲੋਂ ਰੌਲਾ ਪਾ ਦੇਣ ਅਤੇ ਹੱਥ ਛੁਡਵਾ ਕੇ ਆਪਣੇ ਘਰ ਵੱਲ ਭੱਜ ਜਾਣ ਕਾਰਨ ਉਹ ਅਗਵਾ ਹੋਣ ਤੋਂ ਬੱਚ ਗਿਆ। ਪੁਲਸ ਨੂੰ ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਸਨਜੀਤ ਪੁੱਤਰ ਸ਼੍ਰੀਲਾਲ ਤਾਂਤੀ ਹਾਲ ਵਾਸੀ ਕਮੇਟੀ ਬਜ਼ਾਰ ਹਰਿਆਣਾ ਨੇ ਦੱਸਿਆ ਕਿ ਉਹ ਕਸਬਾ ਹਰਿਆਣਾ ਵਿਖੇ ਸ਼ਿੰਗਾਰਾ ਆਟਾ ਚੱਕੀ ਤੇ ਕੰਮ ਕਰਦਾ ਹੈ ਅਤੇ ਉਕਤ ਚੱਕੀ ਦੇ ਸਾਹਮਣੇ ਹੀ ਉਸ ਦੀ ਰਿਹਾਇਸ਼ ਵੀ ਹੈ। ਮਿਤੀ 20 ਸਤੰਬਰ ਨੂੰ ਰਾਤ ਕਰੀਬ 9 ਕੁ ਵਜੇ ਉਸ ਦਾ 12 ਸਾਲ ਦਾ ਲੜਕਾ ਸਤਿਅਮ ਘਰੋਂ ਬਾਹਰ ਕੁੱਝ ਸਾਮਾਨ ਲੈਣ ਲਈ ਨਿਕਲਿਆ ਤਾਂ ਉਸੇ ਸਮੇਂ 2 ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਸ ਦਾ ਲੜਕਾ ਰੌਲ਼ਾ ਪਾ ਕੇ ਉਨ੍ਹਾਂ ਤੋਂ ਹੱਥ ਛੁਡਾ ਕੇ ਘਰ ਭੱਜ ਗਿਆ। ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਸੀ. ਸੀ. ਟੀ.ਵੀ. ‘ਚ ਵੀ ਕੈਦ ਹੋ ਗਏ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੇ ਜਾਣ ‘ਤੇ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ। ਕਸਬੇ ‘ਚ ਹੋਈ ਬੱਚੇ ਨੂੰ ਅਗਵਾ ਕਰਨ ਦੀ ਇਸ ਨਾਕਾਮ ਕੋਸ਼ਿਸ਼ ‘ਚ ਬੱਚਾ ਤਾਂ ਵਾਲ-ਵਾਲ ਬੱਚ ਗਿਆ, ਪ੍ਰੰਤੂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

