ਬਰਤਾਨੀਆਂ ਪਾਰਲੀਮੈਂਟ ਵਿੱਚ ਐਨ ਆਈ ਏ ਵੱਲੋਂ ਬਣਾਈ ਖਾਲਿਸਤਾਨ ਦੇ 20 ਸਿੱਖ ਕਾਰਕੁੰਨਾਂ ਦੀ ਹਿੱਟ ਲਿਸਟ ਦੀ ਚਰਚਾ

ਸਰਕਾਰ ਬ੍ਰਿਟਿਸ਼ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਵੇ – ਸ ਤਨਮਨਜੀਤ ਸਿੰਘ ਢੇਸੀ

ਲੰਡਨ – ਸਰਬਜੀਤ ਸਿੰਘ ਬਨੂੜ – ਬਰਤਾਨੀਆ ਵਿਚ ਰਹਿ ਰਹੇ ਸਿੱਖਾਂ ਨੂੰ ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਵੱਖਵਾਦੀ ਅੰਦੋਲਨ ਨੂੰ ਲੈ ਕੇ ਵਧੇ ਤਣਾਅ ਅਤੇ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਡਰਾਉਣ ਧਮਕਾਉਣ ਦੇ ਦਾਅਵਿਆਂ ਵਿਚਕਾਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਬਰਤਾਨੀਆਂ ਅਖਬਾਰਾਂ ਦੀਆਂ ਛਪੀਆਂ ਸੁਰਖੀਆਂ ਵਿੱਚ ਭਾਰਤ ਵੱਲੋਂ ਬਰਤਾਨੀਆਂ ਸਿੱਖਾਂ ਨੂੰ ਮਾਰਨ ਦੀਆਂ ਆਈਆਂ ਧਮਕੀਆਂ ਤੋਂ ਬਾਦ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ ਪੀ ਸ ਤਨਮਨਜੀਤ ਸਿੰਘ ਢੇਸੀ ਨੇ ਅਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਪਾਰਲੀਮੈਂਟ ਵਿੱਚ ਜ਼ੋਰਦਾਰ ਆਵਾਜ ਬੁਲੰਦ ਕੀਤੀ ਗਈ।
ਸ ਢੇਸੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਇੱਕ ਬਰਤਾਨੀਆਂ ਸਿੱਖ ਨਾਗਰਿਕ ਸਮੇਤ ਯੂਕੇ ਦੇ ਛੇ ਸਿੱਖਾਂ ਤੇ ਹੋਰ ਵੀਹ ਸਿੱਖਾਂ ਦੀ ਰਾਜ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਬਣਾ ਕੇ ਭਾਰਤੀ ਮੀਡੀਏ ਵੱਲੋਂ ਵਿਖਾਇਆ ਗਿਆ। ਸ ਢੇਸੀ ਨੇ ਕਿਹਾ ਕਿ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹਾਂ ਜਾਂ ਨਹੀਂ, ਹਰ ਕਿਸੇ ਨੂੰ ਲੋਕਤੰਤਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ, ਬਿਨਾਂ ਹਿੰਸਾ ਦੀ ਧਮਕੀ ਦੇ ਜਾਂ ਰਾਜ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਵਿੱਚ ਪਾਏ ਜਾਣ ਤੋਂ ਬਿਨਾਂ ਜਾਨ ਦੇ ਖਤਰੇ ਦੇ ਨੋਟਿਸਾਂ ਦੇ ਮੱਦੇਨਜ਼ਰ, ਸਰਕਾਰ ਨੂੰ ਬ੍ਰਿਟਿਸ਼ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਸ ਢੇਸੀ ਨੇ ਪਾਰਲੀਮੈਂਟ ਵਿੱਚ ਭਾਰਤ ਦਾ ਨਾਮ ਲਏ ਬਗੈਰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਸਿੱਖ ਆਗੂ ਦੇ ਕਤਲ ਅਤੇ ਅਮਰੀਕਾ ਵਿੱਚ ਅਦਾਲਤਾਂ ਵਿੱਚ ਸਿੱਖ ਆਗੂ ਨੂੰ ਕਤਲ ਕਰਨ ਦੀ ਸਾਜ਼ਿਸ਼ ਹੋਣ ਦਾ ਹਵਾਲਾ ਦਿੱਤਾ ਗਿਆ। ਸ ਢੇਸੀ ਨੇ ਅਵਤਾਰ ਸਿੰਘ ਖੰਡਾ ਦਾ ਨਾਮ ਲਏ ਬਗੈਰ ਕਿਹਾ ਕਿ ਇੱਕ ਸਿੱਖ ਦੀ ਸ਼ੱਕੀ ਮੌਤ ਸਮੇਤ ਬ੍ਰਿਟੇਨ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਪ੍ਰਵਾਸੀਆਂ ਵਿੱਚ ਸਿੱਖਾਂ ਨੂੰ ਭੁਗਤਣ ਵਾਲੇ ਅੰਤਰ-ਰਾਸ਼ਟਰੀ ਜਬਰ ਦੀ ਗੱਲ ਕੀਤੀ ਗਈ। ਯੂਕੇ ਸਰਕਾਰ ਨੂੰ ਅਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਦੀ ਸੁਰੱਖਿਆ ਕਰਨ ਲਈ ਕਿਹਾ ਗਿਆ। ਸਰਕਾਰ ਵੱਲੋਂ ਸ ਢੇਸੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਉਹਨਾਂ ਨੂੰ ਦੁਵੱਲੀ ਮੀਟਿੰਗਾਂ ਵਿੱਚ ਉਠਾਉਣਗੇ ਅਤੇ ਯੂਕੇ ਦੇ ਨਾਗਰਿਕਾਂ ਨੂੰ ਚੀਨ, ਈਰਾਨ ਵਰਗੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਦਮਨ ਤੋਂ ਬਚਾਉਣ ਲਈ ਉਪਾਅ ਕਰਨਗੇ।