25% of the world’s doctors are over 55; in wealthy nations, one in three doctors is nearing retirement
ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ ਰਿਟਾਇਰਮੈਂਟ ਦੇ ਨੇੜੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੁਨੀਆ ’ਚ ਸਿਹਤ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਇਸ ਦੇ ਨਾਲ ਹੀ ਸਿਹਤ ਖੇਤਰ ਦੇ ਸਾਹਮਣੇ ਇਕ ਨਵਾਂ ਸੰਕਟ ਤੇਜ਼ੀ ਨਾਲ ਖੜ੍ਹਾ ਹੋ ਰਿਹਾ ਹੈ। ਦੁਨੀਆ ਦੇ ਲੱਗਭਗ ਹਰ ਚਾਰ ’ਚੋਂ ਇਕ ਡਾਕਟਰ ਦੀ ਉਮਰ 55 ਸਾਲ ਤੋਂ ਵੱਧ ਹੋ ਚੁੱਕੀ ਹੈ ਅਤੇ ਉਹ ਅਗਲੇ ਇਕ ਦਹਾਕੇ ’ਚ ਰਿਟਾਇਰਮੈਂਟ ਦੀ ਉਮਰ ਦੇ ਨੇੜੇ ਪਹੁੰਚ ਰਿਹਾ ਹੈ। ਅਮੀਰ ਦੇਸ਼ਾਂ ਵਿਚ ਸਥਿਤੀ ਹੋਰ ਗੰਭੀਰ ਹੈ, ਜਿੱਥੇ ਲੱਗਭਗ ਹਰ ਤੀਜਾ ਡਾਕਟਰ 55 ਸਾਲ ਤੋਂ ਵੱਧ ਉਮਰ ਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਨਵੀਂ ਰਿਪੋਰਟ ਨੇ ਸਿਹਤ ਕਰਮਚਾਰੀਆਂ ਦੀ ਵਧਦੀ ਉਮਰ ਦੇ ਨਾਲ ਅਮੀਰ ਅਤੇ ਗਰੀਬ ਦੇਸ਼ਾਂ ਵਿਚਾਲੇ ਡੂੰਘੀ ਅਸਮਾਨਤਾ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਹੈ। ਡਬਲਿਊ. ਐੱਚ. ਓ. ਨੇ ਆਪਣੀ ਸਾਲਾਨਾ ਲੜੀ ਦੀ ਪਹਿਲੀ ਰਿਪੋਰਟ ‘ਨੈਸ਼ਨਲ ਹੈਲਥ ਵਰਕਫੋਰਸ ਅਕਾਊਂਟਸ : ਹੈਲਥ ਵਰਕਫੋਰਸ ਲੈਵਲਜ਼ ਐਂਡ ਟ੍ਰੈਂਡਜ਼ 2026’ ਜਾਰੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਪਿਛਲੇ ਦੋ ਦਹਾਕਿਆਂ ’ਚ ਗਲੋਬਲ ਹੈਲਥ ਵਰਕਫੋਰਸ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਸਾਲ 2006 ਵਿਚ ਦੁਨੀਆ ’ਚ ਪ੍ਰਤੀ 10 ਹਜ਼ਾਰ ਆਬਾਦੀ ’ਤੇ ਸਿਹਤ ਕਰਮਚਾਰੀਆਂ ਦੀ ਘਣਤਾ 44.8 ਸੀ, ਜੋ 2025 ’ਚ ਵਧ ਕੇ 67.9 ਹੋ ਗਈ। ਭਾਵ ਇਸ ਮਿਆਦ ਵਿਚ ਇਸ ’ਚ ਲੱਗਭਗ 52 ਫੀਸਦੀ ਦਾ ਵਾਧਾ ਹੋਇਆ ਹੈ। ਡਾਕਟਰ, ਨਰਸ, ਦਾਈ, ਦੰਦਾਂ ਦੇ ਡਾਕਟਰ ਅਤੇ ਫਾਰਮਾਸਿਸਟ ਸਮੇਤ ਸਿਹਤ ਅਤੇ ਦੇਖਭਾਲ ਖੇਤਰ ਨਾਲ ਜੁੜੇ ਕਰਮਚਾਰੀਆਂ ਦੀ ਕੁੱਲ ਗਿਣਤੀ ਹੁਣ 7 ਕਰੋੜ ਤੋਂ ਵੱਧ ਹੋ ਗਈ ਹੈ। ਸਿਹਤ ਕਰਮਚਾਰੀਆਂ ਦੀ ਗਿਣਤੀ ਵਧਣ ਦੇ ਬਾਵਜੂਦ ਦੁਨੀਆ ਦੇ ਵੱਖ-ਵੱਖ ਖੇਤਰਾਂ ’ਚ ਇਨ੍ਹਾਂ ਦੀ ਉਪਲੱਬਧਤਾ ’ਚ ਭਾਰੀ ਅੰਤਰ ਬਣਿਆ ਹੋਇਆ ਹੈ। ਡਬਲਿਊ. ਐੱਚ. ਓ. ਅਨੁਸਾਰ ਯੂਰਪੀ ਖੇਤਰ ’ਚ ਡਾਕਟਰਾਂ ਦੀ ਘਣਤਾ ਅਫਰੀਕੀ ਖੇਤਰ ਦੀ ਤੁਲਨਾ ਵਿਚ 13 ਗੁਣਾ ਵੱਧ ਹੈ। ਉੱਥੇ ਹੀ ਨਰਸਾਂ ਅਤੇ ਦਾਈਆਂ ਦੀ ਉਪਲੱਬਧਤਾ ਯੂਰਪ ’ਚ ਅਫਰੀਕਾ ਦੇ ਮੁਕਾਬਲੇ ਲੱਗਭਗ 6 ਗੁਣਾ ਜ਼ਿਆਦਾ ਹੈ। ਰਿਪੋਰਟ ਅਨੁਸਾਰ ਸਿਹਤ ਕਰਮਚਾਰੀਆਂ ਦੀ ਘਣਤਾ ਕਿਸੇ ਦੇਸ਼ ਦੀ ਆਮਦਨ ਨਾਲ ਵੀ ਸਿੱਧੀ ਜੁੜੀ ਹੋਈ ਹੈ। ਘੱਟ ਆਮਦਨ ਵਾਲੇ ਦੇਸ਼ਾਂ ਵਿਚ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ ਲੋਕਾਂ ਨੂੰ ਜ਼ਰੂਰੀ ਇਲਾਜ ਤੱਕ ਸਮੇਂ ਸਿਰ ਪਹੁੰਚ ਨਹੀਂ ਮਿਲ ਪਾਉਂਦੀ। ਰਿਪੋਰਟ ’ਚ ਸਿਹਤ ਕਰਮਚਾਰੀਆਂ ਦੀ ਵਧਦੀ ਉਮਰ ਨੂੰ ਆਉਣ ਵਾਲੇ ਸਾਲਾਂ ਦੀ ਵੱਡੀ ਚੁਣੌਤੀ ਦੱਸਿਆ ਗਿਆ ਹੈ। ਡਬਲਿਊ. ਐੱਚ. ਓ. ਦੇ ਅਨੁਮਾਨ ਮੁਤਾਬਕ 2030 ਤੱਕ ਦੁਨੀਆ ’ਚ ਲੱਗਭਗ 1.11 ਕਰੋੜ ਸਿਹਤ ਕਰਮਚਾਰੀਆਂ ਦੀ ਘਾਟ ਹੋ ਸਕਦੀ ਹੈ। ਰਿਪੋਰਟ ਅਨੁਸਾਰ ਲੱਗਭਗ 67 ਦੇਸ਼ ਆਪਣੀ ਆਬਾਦੀ ਦੀਆਂ ਬੁਨਿਆਦੀ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਡਾਕਟਰ ਅਤੇ ਨਰਸਾਂ ਉਪਲੱਬਧ ਕਰਵਾਉਣ ਵਿਚ ਸਮਰੱਥ ਨਹੀਂ ਹੋਣਗੇ। ਅਜਿਹੇ ’ਚ ਸਿਹਤ ਖੇਤਰ ਨੂੰ ਇਕੋ ਸਮੇਂ ਵਧਦੀ ਮੰਗ ਅਤੇ ਰਿਟਾਇਰ ਹੁੰਦੇ ਕਰਮਚਾਰੀਆਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਡਬਲਿਊ. ਐੱਚ. ਓ. ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਨਾਲ ਜੁੜੇ ਅੰਕੜਿਆਂ ਨੂੰ ਇਕੱਠਾ ਕਰਨ ’ਚ ਵੀ ਜ਼ਿਕਰਯੋਗ ਸੁਧਾਰ ਹੋਇਆ ਹੈ। ਸਾਲ 2025 ਵਿਚ 90 ਫੀਸਦੀ ਤੋਂ ਵੱਧ ਮੈਂਬਰ ਦੇਸ਼ਾਂ ਨੇ ਆਪਣੀ ਹੈਲਥ ਵਰਕਫੋਰਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸੰਗਠਨ ਮੁਤਾਬਕ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਸਿਹਤ ਕਰਮਚਾਰੀਆਂ ਦੀ ਸਿੱਖਿਆ, ਸਿਖਲਾਈ, ਰੁਜ਼ਗਾਰ, ਸੁਰੱਖਿਆ ਅਤੇ ਭਰਤੀ ਵਿਚ ਨਿਵੇਸ਼ ਵਧਾਉਣਾ ਜ਼ਰੂਰੀ ਹੈ। ਨਾਲ ਹੀ ਦੇਸ਼ਾਂ ਨੂੰ ਖੇਤਰੀ ਅਸਮਾਨਤਾ ਘਟਾਉਣ ਲਈ ਅਜਿਹੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ, ਜਿਸ ਨਾਲ ਸਿਹਤ ਸੇਵਾਵਾਂ ਦੀ ਉਪਲੱਬਧਤਾ ਆਬਾਦੀ ਦੀ ਲੋੜ ਦੇ ਅਨੁਕੂਲ ਯਕੀਨੀ ਹੋ ਸਕੇ।

