3 foreign nationals deported from Punjab; major action taken in Amritsar
ਪੰਜਾਬ ‘ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਗਿਆ ਡਿਪੋਰਟ, ਅੰਮ੍ਰਿਤਸਰ ‘ਚ ਹੋਈ ਵੱਡੀ ਕਾਰਵਾਈ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ‘ਚ ਕਮਿਸ਼ਨਰੇਟ ਪੁਲਸ ਅਤੇ ਫਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ (FRRO) ਨੇ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਜ਼ਰੂਰੀ ਰਜਿਸਟ੍ਰੇਸ਼ਨ ਦੇ ਠਹਿਰਾਉਣ ਦੇ ਮਾਮਲੇ ‘ਚ ਕਾਰਵਾਈ ਕੀਤੀ ਹੈ। ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ‘ਚ ਰਹਿ ਰਹੇ 3 ਥਾਈ ਨਾਗਰਿਕਾਂ ਨੂੰ ਵਾਪਸ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਖਿਲਾਫ਼ ਇਮੀਗ੍ਰੇਸ਼ਨ ਐਂਡ ਫੋਰਨਰਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਅਤੇ ਫਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਪ੍ਰਤਾਪ ਨਗਰ, ਜੀ.ਟੀ. ਰੋਡ ਸਥਿਤ ਇੱਕ ਰਿਹਾਇਸ਼ੀ ਇਮਾਰਤ ਦੀ ਚੈਕਿੰਗ ਕੀਤੀ, ਜਿੱਥੇ 5 ਵਿਦੇਸ਼ੀ ਨਾਗਰਿਕ ਰਹਿ ਰਹੇ ਸਨ। ਜਦੋਂ ਟੀਮ ਨੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ‘ਚੋਂ 3 ਥਾਈ ਨਾਗਰਿਕਾਂ ਦਾ ਵੀਜ਼ਾ ਖ਼ਤਮ ਹੋ ਚੁੱਕਾ ਸੀ, ਫਿਰ ਵੀ ਉਹ ਭਾਰਤ ‘ਚ ਰਹਿ ਰਹੇ ਸਨ। ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤਿੰਨਾਂ ਨੂੰ ਵਾਪਸ ਥਾਈਲੈਂਡ ਭੇਜ ਦਿੱਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਇਮਾਰਤ ‘ਚ ਵਿਦੇਸ਼ੀ ਨਾਗਰਿਕਾਂ ਨੂੰ ਠਹਿਰਾਇਆ ਗਿਆ ਸੀ, ਉਹ ਵਿਦੇਸ਼ੀ ਮਹਿਮਾਨਾਂ ਦੀ ਜਾਣਕਾਰੀ ਦਰਜ ਕਰਨ ਲਈ ਜ਼ਰੂਰੀ ‘ਫਾਰਮ-3’ ਪੋਰਟਲ ‘ਤੇ ਰਜਿਸਟਰਡ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਠਹਿਰਨ ਦੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਗਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਥਾਣਾ ਬੀ-ਡਿਵੀਜ਼ਨ ‘ਚ ਇਮੀਗ੍ਰੇਸ਼ਨ ਐਂਡ ਫੋਰਨਰਜ਼ ਐਕਟ 2025 ਦੀ ਧਾਰਾ 23 ਤਹਿਤ ਮੁਕੱਦਮਾ ਦਰਜ ਕੀਤਾ ਹੈ। ਕਮਿਸ਼ਨਰੇਟ ਪੁਲਸ ਅਤੇ ਫਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ ਨੇ ਹੋਟਲਾਂ, ਗੈਸਟ ਹਾਊਸਾਂ, ਪੀ.ਜੀ., ਹੋਮਸਟੇਅ ਅਤੇ ਨਿੱਜੀ ਜਾਇਦਾਦਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਦੇਸ਼ੀ ਨਾਗਰਿਕਾਂ ਨੂੰ ਠਹਿਰਾਉਣ ਤੋਂ ਪਹਿਲਾਂ ਜ਼ਰੂਰੀ ਰਜਿਸਟ੍ਰੇਸ਼ਨ ਅਤੇ ‘ਫਾਰਮ-3’ ਪੋਰਟਲ ‘ਤੇ ਉਨ੍ਹਾਂ ਦੀ ਜਾਣਕਾਰੀ ਦਰਜ ਕਰਵਾਉਣਾ ਯਕੀਨੀ ਬਣਾਉਣ। ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਰਾਸ਼ਟਰੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਵਿਵਸਥਾ ਲਈ ਖ਼ਤਰਾ ਬਣ ਸਕਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

