32 people including Punjabis arrested for theft in Canada
ਕੈਨੇਡਾ ‘ਚ ਚੋਰੀਆਂ ਕਰਦੇ ਪੰਜਾਬੀਆਂ ਸਣੇ 32 ਲੋਕ ਗ੍ਰਿਫ਼ਤਾਰ
Canada, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਵਿਖੇ ਹੈਮਿਲਟਨ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ‘ਹੋਮ ਡਿਪੂ’ ਸਟੋਰਾਂ ਵਿੱਚ ਵੱਡੇ ਪੱਧਰ ‘ਤੇ ਚੋਰੀਆਂ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕੈਨੇਡਾ ਪੁਲਿਸ ਵੱਲੋਂ ਹਾਰਡੇਅਰ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 32 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਕਥਿਤ ਚੋਰੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਹੈਮਿਲਟਨ ਪੁਲਿਸ ਨੇ ਦੱਸਿਆ ਕਿ 19 ਸਾਲ ਤੋਂ 64 ਸਾਲ ਤੱਕ ਦੀ ਉਮਰ ਵਾਲੇ ਸ਼ੱਕੀਆਂ ਵਿਰੁੱਧ ਕੁਲ 235 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਜਾਰੀ ਕੀਤੀ ਗਈ ਮੁਲਜ਼ਮਾਂ ਦੀ ਸੂਚੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਨਾਮ ਸ਼ਾਮਲ ਹਨ । ਸ਼ੱਕੀਆਂ ਦੀ ਸ਼ਨਾਖ਼ਤ ਰਾਜਵਿੰਦਰ ਸਿੰਘ (45), ਕਰਨਬੀਰ ਸਿੰਘ (31), ਸਰਤਾਜ ਸਿੰਘ (28), ਲਖਵੀਰ ਸਿੰਘ (27), ਅਸ਼ੀਸ਼ ਸ਼ਰਮਾ (34), ਵਿਸ਼ਵਜੀਤ ਸਿੰਘ (23), ਮਨਪ੍ਰੀਤ ਸਿੰਘ (30), ਗੁਰਮੀਤ ਸਿੰਘ (28), ਦਲਜਿੰਦਰ ਸਿੰਘ (35), ਸਮੀਰ ਮਾਟੀ (50), ਗੁਰਜੀਤ ਸਿੰਘ (25), ਮਲਕੀਤ ਸਿੰਘ (46), ਕਮਲਜੀਤ ਸੰਧੂ (41) ਆਦਿ ਵਜੋਂ ਕੀਤੀ ਗਈ ਹੈ। ਪੁਲਸ ਨੇ ਇਹ ਕਾਰਵਾਈ “ਪ੍ਰੋਜੈਕਟ ਚੈੱਕਆਉਟ” ਦੇ ਤਹਿਤ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਹਾਰਡਵੇਅਰ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਵਿਚ ਅਚਨਚੇਤ ਵਾਧਾ ਹੋਣ ਮਗਰੋਂ ਪੜਤਾਲ ਆਰੰਭੀ ਗਈ ਜੋ ਚਾਰ ਮਹੀਨੇ ਤੱਕ ਚੱਲੀ ਅਤੇ ਵੱਖ ਵੱਖ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਚੋਰਾਂ ਦੇ ਗਿਰੋਹ ਵੱਲੋਂ ਮਹਿੰਗੇ ਔਜ਼ਾਰ ਅਤੇ ਉਸਾਰੀ ਵਾਸਤੇ ਵਰਤੀਆਂ ਜਾਂਦੀਆਂ ਚੀਜ਼ਾਂ ਚੋਰੀ ਕਰਨ ਮਗਰੋਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਸਤੇ ਭਾਅ ਵੇਚ ਦਿਤਾ ਜਾਂਦਾ ਸੀ। ਪੁਲਿਸ ਵੱਲੋਂ ਇਕ ਲੱਖ ਡਾਲਰ ਕੀਮਤ ਵਾਲਾ ਇਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਗਿਆ ਹੈ, ਜਿਸ ਦੀ ਵਰਤੋਂ ਵਾਰਦਾਤਾਂ ਦੌਰਾਨ ਕੀਤੀ ਗਈ।

