5.2 million weddings in 25 days; business worth ₹7.5 lakh crore expected
25 ਦਿਨਾਂ ’ਚ 52 ਲੱਖ ਵਿਆਹ, 7.50 ਲੱਖ ਕਰੋੜ ਰੁਪਏ ਦਾ ਹੋਵੇਗਾ ਕਾਰੋਬਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦੇਸ਼ ’ਚ 21 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਵਿਆਹਾਂ ਦਾ ਸੀਜ਼ਨ ਇਸ ਵਾਰ ਅਰਥਵਿਵਸਥਾ ਲਈ ਵੱਡੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਅੰਦਾਜ਼ੇ ਮੁਤਾਬਕ, 21 ਨਵੰਬਰ ਤੋਂ 15 ਦਸੰਬਰ 2026 ਦੇ ਵਿਚਾਲੇ ਦੇਸ਼ ਭਰ ’ਚ ਕਰੀਬ 52 ਲੱਖ ਵਿਆਹ ਹੋਣਗੇ। ਇਨ੍ਹਾਂ ਤੋਂ ਲੱਗਭਗ 7.50 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਬਾਜ਼ਾਰਾਂ ’ਚ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਲੈ ਕੇ ਕੱਪੜੇ, ਇਲੈਕਟ੍ਰਾਨਿਕਸ, ਹੋਟਲ, ਬੈਂਕੁਏਟ ਹਾਲ ਅਤੇ ਕੈਟਰਿੰਗ ਵਰਗੀਆਂ ਸੇਵਾਵਾਂ ਦੀ ਮੰਗ ਵਧਣ ਦੀ ਉਮੀਦ ਹੈ। ਕੈਟ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਮੁਤਾਬਕ, ਇਹ ਅੰਕੜੇ ਸੰਗਠਨ ਦੀ ਖੋਜ ਇਕਾਈ ਕੈਟ ਰਿਸਰਚ ਐਂਡ ਟ੍ਰੇਡ ਡਿਵੈੱਲਪਮੈਂਟ ਸੋਸਾਇਟੀ ਨੇ 25 ਸੂਬਿਆਂ ਦੇ 300 ਤੋਂ ਵੱਧ ਵਪਾਰਕ ਆਗੂਆਂ ਅਤੇ 550 ਵਪਾਰਕ ਸੰਗਠਨਾਂ ਦੇ ਸਰਵੇਖਣ ਦੇ ਆਧਾਰ ’ਤੇ ਤਿਆਰ ਕੀਤੇ ਹਨ। ਸੋਨਾ ਅਤੇ ਕੱਪੜਿਆਂ ਦੇ ਕਾਰੋਬਾਰ ’ਤੇ ਰਹੇਗੀ ਨਜ਼ਰ : ਕੈਟ ਦੇ ਅੰਦਾਜ਼ੇ ਅਨੁਸਾਰ, ਕੁੱਲ 7.50 ਲੱਖ ਕਰੋੜ ਰੁਪਏ ਦੇ ਕਾਰੋਬਾਰ ’ਚੋਂ 4.05 ਲੱਖ ਕਰੋੜ ਰੁਪਏ ਵਸਤਾਂ ਦੀ ਖਰੀਦਦਾਰੀ ਤੋਂ ਆਉਣਗੇ, ਜਦੋਂਕਿ 3.45 ਲੱਖ ਕਰੋੜ ਰੁਪਏ ਸੇਵਾਵਾਂ ਦੇ ਖੇਤਰ ਤੋਂ ਮਿਲਣ ਦੀ ਸੰਭਾਵਨਾ ਹੈ। ਗਹਿਣੇ ਅਤੇ ਕੀਮਤੀ ਧਾਤਾਂ ਦਾ ਕਾਰੋਬਾਰ ਕਰੀਬ 1.20 ਲੱਖ ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਉੱਥੇ ਹੀ ਕੱਪੜੇ, ਸਾੜ੍ਹੀ ਅਤੇ ਗਾਰਮੈਂਟਸ ਦੀ ਵਿਕਰੀ ਤੋਂ 90 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਤੋਹਫੇ ਅਤੇ ਵਿਆਹ ਸਮੱਗਰੀ ’ਤੇ 37,500 ਕਰੋੜ ਰੁਪਏ ਅਤੇ ਕਰਿਆਨਾ ਤੇ ਖੁਰਾਕੀ ਸਮੱਗਰੀ ’ਤੇ ਵੀ 37,500 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਵਿਆਹਾਂ ਦੇ ਸੀਜ਼ਨ ’ਚ ਸੇਵਾ ਖੇਤਰ ਦੀ ਵੀ ਚਾਂਦੀ ਰਹਿਣ ਵਾਲੀ ਹੈ। ਕੈਟਰਿੰਗ ਅਤੇ ਖਾਣ-ਪੀਣ ਦੀਆਂ ਸੇਵਾਵਾਂ ਤੋਂ ਕਰੀਬ 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਹੈ। ਉੱਥੇ ਹੀ ਹੋਟਲ ਅਤੇ ਬੈਂਕੁਏਟ ਹਾਲ ਤੋਂ 60 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ।

