Major action by CBI in Panchkula; CGST Superintendent arrested while accepting a bribe of Rs 10 lakh
ਪੰਚਕੂਲਾ ’ਚ CBI ਦਾ ਵੱਡਾ ਐਕਸ਼ਨ, 10 ਲੱਖ ਰੁਪਏ ਰਿਸ਼ਵਤ ਲੈਂਦਾ CGST ਸੁਪਰਡੈਂਟ ਗ੍ਰਿਫ਼ਤਾਰ
ਪੰਚਕੂਲਾ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਪੰਚਕੂਲਾ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੇਂਦਰੀ ਵਸਤੂ ਤੇ ਸੇਵਾ ਕਰ (ਸੀਜੀਐੱਸਟੀ) ਵਿਭਾਗ ਦੇ ਇਕ ਸੁਪਰਡੈਂਟ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੰਚਕੂਲਾ ਵਿਚ ਤਾਇਨਾਤ ਸੀ। ਸੀ.ਬੀ.ਆਈ. ਨੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ ਅਤੇ ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਹੈ। ਮਾਮਲੇ ਵਿਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ਾਂ ਮੁਤਾਬਕ ਸੁਪਰਡੈਂਟ ਨੇ ਸ਼ੁਰੂ ਵਿਚ ਸ਼ਿਕਾਇਤਕਰਤਾ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਦੇ ਬਦਲੇ ਫਰਮ ’ਤੇ ਭਾਰੀ ਜੁਰਮਾਨਾ ਨਾ ਲਾਉਣ ਅਤੇ ਅੱਗੇ ਦੀ ਮੰਗ ਸਬੰਧੀ ਨੋਟਿਸ ਜਾਰੀ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਮਤਲਬ ਜੀ.ਐੱਸ ਟੀ. ਕਾਰਵਾਈ ਵਿਚ ਫਰਮ ਨੂੰ ਰਾਹਤ ਦਿਵਾਉਣ ਦੇ ਨਾਂ ’ਤੇ ਰਿਸ਼ਵਤ ਮੰਗੀ ਜਾ ਰਹੀ ਸੀ। ਸੀ.ਬੀ.ਆਈ. ਵੱਲੋਂ ਜਾਰੀ ਜਾਣਕਾਰੀ ਮੁਤਾਬਕ ਗੱਲਬਾਤ ਦੌਰਾਨ ਰਿਸ਼ਵਤ ਦੀ ਮੰਗ ਘਟਾ ਕੇ ਪਹਿਲਾਂ 20 ਲੱਖ ਰੁਪਏ ਕਰ ਦਿੱਤੀ ਗਈ। ਇਸ ਵਿਚ 10 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦੇਣ ਦੀ ਗੱਲ ਤੈਅ ਹੋਈ ਸੀ। ਹਾਲਾਂਕਿ ਸ਼ਿਕਾਇਤ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਦੋਸ਼ਾਂ ਦੀ ਤਸਦੀਕ ਕੀਤੀ ਤਾਂ ਰਿਸ਼ਵਤ ਮੰਗਣ ਦੀ ਗੱਲ ਮੁੱਢਲੀ ਜਾਂਚ ਵਿਚ ਸਹੀ ਪਾਈ ਗਈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਅਧਿਕਾਰੀ ਨੇ ਰਿਸ਼ਵਤ ਦੀ ਮੰਗ ਫਿਰ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਸੀ। ਹਾਲਾਂਕਿ ਉਹ ਪਹਿਲੀ ਕਿਸ਼ਤ ਵਜੋਂ 10 ਲੱਖ ਰੁਪਏ ਲੈਣ ਲਈ ਸਹਿਮਤ ਹੋ ਗਿਆ ਸੀ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਮੁਲਜ਼ਮ ਨੂੰ ਫੜਨ ਲਈ ਜਾਲ ਵਿਛਾਉਣ ਦੀ ਯੋਜਨਾ ਤਿਆਰ ਕੀਤੀ। ਕਾਰਵਾਈ ਦੌਰਾਨ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ। ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

