6 airports including Kushinagar closed in UP, flights from Jewar and Hindon also reduced
UP ’ਚ ਕੁਸ਼ੀਨਗਰ ਸਮੇਤ 6 ਹਵਾਈ ਅੱਡੇ ਬੰਦ, ਜੇਵਰ ਤੇ ਹਿੰਡਨ ਤੋਂ ਵੀ ਘਟ ਗਈਆਂ ਉਡਾਣਾਂ
ਲਖਨਊ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ’ਚ ਕੁਸ਼ੀਨਗਰ ਇੰਟਰਨੈਸ਼ਨਲ ਹਵਾਈ ਅੱਡੇ ਸਮੇਤ 6 ਹਵਾਈ ਅੱਡਿਆਂ ਤੋਂ ਅਜੇ ਕੋਈ ਉਡਾਣ ਸੰਚਾਲਿਤ ਨਹੀਂ ਹੋ ਰਹੀ ਹੈ। ਉੱਥੇ ਹੀ, ਨੋਇਡਾ ਦੇ ਜੇਵਰ ਅਤੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡਿਆਂ ਤੋਂ ਵੀ ਉਡਾਣਾਂ ਦੀ ਗਿਣਤੀ ’ਚ ਕਮੀ ਆਈ ਹੈ। ਕੇਂਦਰ ਸਰਕਾਰ ਅਨੁਸਾਰ, ਉਡਾਣ ਯੋਜਨਾ ਤਹਿਤ ਪੂਰੇ ਦੇਸ਼ ’ਚ 679 ਹਵਾਈ ਰੂਟ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ’ਚੋਂ 348 ਰੂਟ ਹੀ ਨਿਯਮਿਤ ਤੌਰ ’ਤੇ ਚੱਲ ਰਹੇ ਹਨ। 165 ਰੂਟਾਂ ਨੂੰ ਯਾਤਰੀ ਗਿਣਤੀ ਘੱਟ ਹੋਣ ਅਤੇ ਵਾਇਬਿਲਟੀ ਗੈਪ ਫੰਡਿੰਗ ਦੀ ਮਿਆਦ ਖਤਮ ਹੋਣ ਕਾਰਨ ਬੰਦ ਕਰਨਾ ਪਿਆ। ਹਵਾਈ ਟਿਕਟਾਂ ਦੀ ਜ਼ਿਆਦਾ ਕੀਮਤ ਅਤੇ ਯਾਤਰੀਆਂ ਦੀ ਕਮੀ ਨੂੰ ਵੀ ਇਸ ਦਾ ਪ੍ਰਮੁੱਖ ਕਾਰਨ ਦੱਸਿਆ ਗਿਆ ਹੈ। ਉੱਤਰ ਪ੍ਰਦੇਸ਼ ’ਚ ਉਡਾਣ ਯੋਜਨਾ ਤਹਿਤ 18 ਹਵਾਈ ਅੱਡਿਆਂ ਨੂੰ ਚੁਣਿਆ ਗਿਆ ਸੀ ਪਰ ਕੁਸ਼ੀਨਗਰ, ਆਜ਼ਮਗੜ੍ਹ, ਅਲੀਗੜ੍ਹ, ਚਿੱਤਰਕੂਟ, ਸ਼੍ਰਾਵਸਤੀ ਅਤੇ ਮੁਰਾਦਾਬਾਦ ਹਵਾਈ ਅੱਡਿਆਂ ਤੋਂ ਫਿਲਹਾਲ ਉਡਾਣ ਸੇਵਾਵਾਂ ਸ਼ੁਰੂ ਨਹੀਂ ਹੋ ਸਕੀਆਂ ਹਨ। ਕੁਸ਼ੀਨਗਰ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਬੀਤੇ ਇਕ ਸਾਲ ਤੋਂ ਕੋਈ ਨਿਯਮਿਤ ਉਡਾਣ ਸੰਚਾਲਿਤ ਨਹੀਂ ਹੋਈ ਹੈ, ਜਦਕਿ ਇਸ ਦੇ ਵਿਸਥਾਰ ’ਤੇ 108.22 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਨੋਇਡਾ ਦੇ ਜੇਵਰ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਪਹਿਲਾਂ 17 ਸ਼ਹਿਰਾਂ ਲਈ ਉਡਾਣਾਂ ਸਨ, ਜੋ ਹੁਣ ਘਟ ਕੇ 15 ਰਹਿ ਗਈਆਂ ਹਨ। ਇੱਥੇ ਰੋਜ਼ਾਨਾ ਉਡਾਣਾਂ ਦੀ ਗਿਣਤੀ ਵੀ 36 ਤੋਂ ਘਟ ਕੇ ਲੱਗਭਗ 28-30 ਦੇ ਵਿਚਾਲੇ ਰਹਿ ਗਈ ਹੈ।

