Panthic Unity is the Need of the Hour: Mohkam Singh
ਪੰਥਕ ਏਕਤਾ ਸਮੇਂ ਦੀ ਮੁੱਖ ਲੋੜ, ਆਪਸੀ ਦੂਸ਼ਣਬਾਜ਼ੀ ਤੋਂ ਬਚ ਕੇ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ

11 ਜੂਨ 2026, ਵੈਨਸਫੀਲਡ (ਇੰਗਲੈਂਡ) –ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਵੱਲੋਂ ਦਮਦਮੀ ਟਕਸਾਲ ਨਾਲ ਸੰਬੰਧਿਤ ਪ੍ਰਸਿੱਧ ਪੰਥਕ ਸ਼ਖਸੀਅਤ ਭਾਈ ਮੋਹਕਮ ਸਿੰਘ ਨਾਲ ਇੱਕ ਵਿਸ਼ੇਸ਼ ਮੀਟਿੰਗ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਖਾਲਸਾ ਪੰਥ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ, ਪੰਥਕ ਜਥੇਬੰਦੀਆਂ ਵਿੱਚ ਵਧ ਰਹੀ ਦੂਰੀ, ਆਪਸੀ ਮਤਭੇਦਾਂ ਅਤੇ ਪੰਥਕ ਏਕਤਾ ਦੀ ਲੋੜ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਗੱਲਬਾਤ ਦੌਰਾਨ ਭਾਈ ਮੋਹਕਮ ਸਿੰਘ ਜੀ ਨੇ ਕਿਹਾ ਕਿ ਅੱਜ ਪੰਜਾਬ ਅਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੀਆਂ ਪੰਥਕ ਜਥੇਬੰਦੀਆਂ ਦੇ ਵਿਚਕਾਰ ਆਪਸੀ ਪਾੜਾ ਅਤੇ ਇੱਕ-ਦੂਜੇ ਪ੍ਰਤੀ ਦੂਸ਼ਣਬਾਜ਼ੀ ਚਿੰਤਾਜਨਕ ਪੱਧਰ ਤੱਕ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਤਾਕਤ ਉਸਦੀ ਏਕਤਾ ਵਿੱਚ ਹੁੰਦੀ ਹੈ ਅਤੇ ਜੇਕਰ ਪੰਥ ਆਪਣੇ ਮਕਸਦਾਂ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਸੀ ਵਿਸ਼ਵਾਸ ਅਤੇ ਸਹਿਯੋਗ ਦਾ ਮਾਹੌਲ ਬਣਾਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਅਕਸਰ ਆਪਣੀ ਗੱਲ ਕਹਿਣ ਅਤੇ ਦੂਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਦੂਜਿਆਂ ਦੀ ਗੱਲ ਸੁਣਨ ਦੀ ਆਦਤ ਵੀ ਪੈਦਾ ਕਰਨੀ ਚਾਹੀਦੀ ਹੈ। ਜਦੋਂ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਬੈਠ ਕੇ ਗੱਲ ਕਰਦੇ ਹਨ ਤਾਂ ਮਤਭੇਦ ਹੋਣਾ ਸੁਭਾਵਿਕ ਗੱਲ ਹੈ, ਪਰ ਇਹ ਮਤਭੇਦ ਮਨਭੇਦਾਂ ਵਿੱਚ ਨਹੀਂ ਬਦਲਣੇ ਚਾਹੀਦੇ। ਉਨ੍ਹਾਂ ਕਿਹਾ ਕਿ ਹਰ ਜਥੇਬੰਦੀ ਅਤੇ ਹਰ ਕਾਰਕੁਨ ਆਪਣੀ ਸਮਰੱਥਾ ਅਨੁਸਾਰ ਪੰਥ ਦੀ ਸੇਵਾ ਕਰ ਰਿਹਾ ਹੈ। ਕੋਈ ਵੱਧ ਯੋਗਦਾਨ ਪਾ ਸਕਦਾ ਹੈ ਅਤੇ ਕੋਈ ਘੱਟ, ਪਰ ਕਿਸੇ ਦੇ ਯੋਗਦਾਨ ਨੂੰ ਘੱਟ ਨਹੀਂ ਅੰਕਣਾ ਚਾਹੀਦਾ।
ਭਾਈ ਮੋਹਕਮ ਸਿੰਘ ਜੀ ਨੇ ਕਿਹਾ ਕਿ ਇਹ ਸੋਚ ਛੱਡਣੀ ਹੋਵੇਗੀ ਕਿ ਕੇਵਲ ਇੱਕ ਹੀ ਜਥੇਬੰਦੀ ਜਾਂ ਇੱਕ ਹੀ ਧਿਰ ਪੰਥ ਦੀ ਅਸਲ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਤਾਕਤ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਹੈ ਅਤੇ ਸਮੇਂ ਦੀ ਲੋੜ ਹੈ ਕਿ ਸਾਰੀਆਂ ਪੰਥਕ ਧਿਰਾਂ ਆਪਸੀ ਸਨਮਾਨ ਅਤੇ ਸਹਿਯੋਗ ਨਾਲ ਕੰਮ ਕਰਨ।
ਚਰਚਾ ਦੌਰਾਨ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਬਾਰੇ ਵੀ ਵਿਚਾਰ ਕੀਤਾ ਗਿਆ। ਭਾਈ ਮੋਹਕਮ ਸਿੰਘ ਜੀ ਨੇ ਕਿਹਾ ਕਿ ਪੰਥਕ ਧਿਰਾਂ ਨੂੰ ਸਿਧਾਂਤਕ ਏਕਤਾ ਕਾਇਮ ਕਰਕੇ ਸਾਂਝੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਲੋਕਤੰਤਰਿਕ ਅਤੇ ਸੰਵਿਧਾਨਕ ਢੰਗ ਨਾਲ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੰਥਕ ਤਾਕਤਾਂ ਇਕੱਠੀਆਂ ਹੋਣ ਤਾਂ ਪੰਜਾਬ ਦੇ ਹਿੱਤਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਵਿਧਾਨਿਕ ਪੱਧਰ ‘ਤੇ ਉਠਾਇਆ ਜਾ ਸਕਦਾ ਹੈ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਭਾਈ ਮੋਹਕਮ ਸਿੰਘ ਜੀ ਨੇ ਕਿਹਾ ਕਿ ਦਮਦਮੀ ਟਕਸਾਲ ਅਤੇ ਪੰਥ ਵੱਲੋਂ 1986 ਦੇ ਸਰਬੱਤ ਖਾਲਸਾ ਵਿੱਚ ਹੀ ਸੰਤਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਚੁੱਕਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਵੀ ਸਨਮਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਥ ਦਾ ਸਟੈਂਡ ਕਾਫੀ ਸਮੇਂ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ।
ਭਾਈ ਮੋਹਕਮ ਸਿੰਘ ਜੀ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਨਕਾਰਾਤਮਕ ਪ੍ਰਚਾਰ ਮੁਹਿੰਮ ‘ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕੁਝ ਲੋਕ ਅਤੇ ਧਿਰਾਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਖ਼ਿਲਾਫ਼ ਪ੍ਰਚਾਰ ਕਰ ਰਹੀਆਂ ਹਨ, ਜਿਸ ਨਾਲ ਆਮ ਸੰਗਤਾਂ ਵਿੱਚ ਭਰਮ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਜਥੇਬੰਦੀ ਜਾਂ ਵਿਅਕਤੀ ਨਾਲ ਮਤਭੇਦ ਹੈ ਤਾਂ ਉਸਦਾ ਹੱਲ ਜਨਤਕ ਬਿਆਨਬਾਜ਼ੀ ਜਾਂ ਸੋਸ਼ਲ ਮੀਡੀਆ ਰਾਹੀਂ ਨਹੀਂ, ਸਗੋਂ ਆਪਸੀ ਬੈਠਕਾਂ ਅਤੇ ਗੱਲਬਾਤ ਰਾਹੀਂ ਕੱਢਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਥਕ ਕਾਰਕੁਨਾਂ ਲਈ ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲਣਾ ਜ਼ਰੂਰੀ ਹੈ। ਗੁਰੂ ਸਾਹਿਬਾਨ ਵੱਲੋਂ ਦਿੱਤੀ ਸਿੱਖਿਆ, ਨਿਮਰਤਾ, ਸਹਿਣਸ਼ੀਲਤਾ ਅਤੇ ਸੇਵਾ ਦੇ ਸਿਧਾਂਤਾਂ ਨੂੰ ਅਪਣਾਏ ਬਿਨਾਂ ਪੰਥਕ ਏਕਤਾ ਅਤੇ ਤਰੱਕੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਹਰ ਹਾਲਤ ਵਿੱਚ ਨਰਮ ਅਤੇ ਸਹਿਜ ਸੁਭਾਅ ਨਾਲ ਇੱਕ-ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਇੰਗਲੈਂਡ ਵਿੱਚ ਸਿੱਖੀ ਦੇ ਪ੍ਰਚਾਰ-ਪਸਾਰ ਬਾਰੇ ਗੱਲ ਕਰਦਿਆਂ ਭਾਈ ਮੋਹਕਮ ਸਿੰਘ ਜੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਪੰਥਕ ਜਾਗਰੂਕਤਾ ਅਤੇ ਸਿੱਖੀ ਦੇ ਪ੍ਰਚਾਰ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਭਾਈ ਜਸਬੀਰ ਸਿੰਘ ਵੱਲੋਂ 1984 ਤੋਂ ਬਾਅਦ ਨੌਜਵਾਨਾਂ ਨੂੰ ਸਿੱਖੀ ਅਤੇ ਪੰਥਕ ਸਰੋਕਾਰਾਂ ਨਾਲ ਜੋੜਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਅੱਜ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਵੱਖ-ਵੱਖ ਪੰਥਕ ਅਤੇ ਸਮਾਜਿਕ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਬਾਬਾ ਠਾਕੁਰ ਸਿੰਘ ਦੇ ਇੰਗਲੈਂਡ ਦੌਰਿਆਂ ਨੇ ਇੱਥੋਂ ਦੇ ਸਿੱਖ ਨੌਜਵਾਨਾਂ ਵਿੱਚ ਅੰਮ੍ਰਿਤ ਛਕਣ ਅਤੇ ਗੁਰਸਿੱਖੀ ਜੀਵਨ ਅਪਣਾਉਣ ਦੀ ਲਹਿਰ ਪੈਦਾ ਕੀਤੀ ਸੀ। ਅੱਜ ਵੀ ਉਸ ਦੇ ਨਤੀਜੇ ਵਜੋਂ ਕਈ ਧਾਰਮਿਕ ਕੈਂਪ, ਗੁਰਮਤਿ ਸਮਾਗਮ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ।
ਅੰਤ ਵਿੱਚ ਭਾਈ ਮੋਹਕਮ ਸਿੰਘ ਜੀ ਨੇ ਸਮੂਹ ਪੰਥਕ ਜਥੇਬੰਦੀਆਂ, ਕਾਰਕੁਨਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਕੰਮ ਕਰਨ ਅਤੇ ਆਪਸੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਦੂਰ ਕਰਨ।
ਇਹ ਮੀਟਿੰਗ ਇੰਗਲੈਂਡ ਦੇ ਗੁਰੂ ਨਾਨਕ ਗੁਰਦੁਆਰਾ ਵੈਨਸਫੀਲਡ ਵਿਖੇ ਹੋਈ, ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰਾਂ ਵੱਲੋਂ ਭਾਈ ਮੋਹਕਮ ਸਿੰਘ ਜੀ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਸਮੇਂ ਦੀ ਲੋੜ ਕਰਾਰ ਦਿੰਦਿਆਂ ਪੰਥਕ ਏਕਤਾ ਲਈ ਅਜਿਹੀਆਂ ਬੈਠਕਾਂ ਨੂੰ ਜਾਰੀ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
