Opposition preparing to initiate impeachment against Trump; accused of enriching his family
ਟਰੰਪ ਦੇ ਖਿਲਾਫ ਮਹਾਦੋਸ਼ ਲਿਆਉਣ ਦੀ ਤਿਆਰੀ ’ਚ ਵਿਰੋਧੀ ਧਿਰ; ਪਰਿਵਾਰ ਨੂੰ ਅਮੀਰ ਬਣਾਉਣ ਦਾ ਦੋਸ਼
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਮਿਡਟਰਮ ਚੋਣਾਂ ’ਚ ਰਿਪਬਲਿਕਨ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਰਾਸ਼ਟਰਪਤੀ ਟਰੰਪ ਦੇ ਖਿਲਾਫ ਮਹਾਦੋਸ਼ ਲਿਆਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਦੇ ਜ਼ਰੀਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਡੈਮੋਕ੍ਰੇਟਸ ਦੋਸ਼ ਲਾ ਰਹੇ ਹਨ ਕਿ ਟਰੰਪ ਨੇ ਆਪਣੇ ਅਹੁਦੇ ਦੀ ਵਰਤੋਂ ਕਰ ਕੇ ਆਪਣੇ ਕਰੀਬੀਆਂ ਨੂੰ ਫਾਇਦਾ ਪਹੁੰਚਾਇਆ ਅਤੇ ਜਾਇਦਾਦ ਇਕੱਠੀ ਕੀਤੀ। ਇਸ ਨਾਲ ਆਮ ਲੋਕਾਂ ਨੂੰ ਨੁਕਸਾਨ ਉਠਾਉਣਾ ਪਿਆ। ਡੈਮੋਕ੍ਰੇਟਿਕ ਸੰਸਦ ਮੈਂਬਰ ਰਾਬਰਟ ਗਾਰਸੀਆ ਨੇ ਕਿਹਾ ਹੈ ਕਿ ਉਹ ਇਹ ਪਤਾ ਲਾਉਣਗੇ ਕਿ ਰਾਸ਼ਟਰਪਤੀ ਰਹਿੰਦਿਆਂ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਕਿਵੇਂ ਵਧੀ। ਉਨ੍ਹਾਂ ਦਾ ਫੋਕਸ ਟਰੰਪ ਦੇ ਪੁੱਤਰਾਂ ਅਤੇ ਜਵਾਈ ਜੈਰੇਡ ਕੁਸ਼ਨਰ ਦੇ ਕਾਰੋਬਾਰੀ ਸੌਦਿਆਂ ’ਤੇ ਹੈ। ਗਾਰਸੀਆ ਨੇ ਜਾਂਚ ਲਈ ਪੰਜ ਮੁੱਦੇ ਤੈਅ ਕੀਤੇ ਹਨ। ਇਨ੍ਹਾਂ ’ਚ ਟਰੰਪ ਪਰਿਵਾਰ ਦੇ ਕਾਰੋਬਾਰੀ ਸੌਦੇ, ਜੈਫਰੀ ਐਪਸਟੀਨ ਮਾਮਲੇ ਦੀ ਜਾਂਚ ਵਿਚ ਟਰੰਪ ਪ੍ਰਸ਼ਾਸਨ ਦੀ ਭੂਮਿਕਾ ਅਤੇ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਦੀ ਛਾਪੇਮਾਰੀ ਅਤੇ ਕਾਰਵਾਈ ਸ਼ਾਮਲ ਹਨ। ਡੋਨਾਲਡ ਟਰੰਪ ’ਤੇ ਉਨ੍ਹਾਂ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ (2017-2021) ਦੌਰਾਨ ਦੋ ਵਾਰ ਮਹਾਦੋਸ਼ ਚਲਾਇਆ ਗਿਆ ਸੀ। ਅਮਰੀਕੀ ਇਤਿਹਾਸ ’ਚ ਉਹ ਅਜਿਹੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਖਿਲਾਫ ਦੋ ਵਾਰ ਮਹਾਦੋਸ਼ ਦੀ ਕਾਰਵਾਈ ਹੋਈ। ਹਾਲਾਂਕਿ, ਦੋਵੇਂ ਹੀ ਵਾਰ ਸੈਨੇਟ ਨੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਪਹਿਲੀ ਵਾਰ ਯੂਕ੍ਰੇਨ ਦੀ ਮਦਦ ਰੋਕਣ ’ਤੇ 2019 ਵਿਚ ਦੋਸ਼ ਸੀ ਕਿ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਦਬਾਅ ਪਾਇਆ ਸੀ ਕਿ ਉਹ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਪੁੱਤਰ ਹੰਟਰ ਬਾਈਡੇਨ ਖਿਲਾਫ ਜਾਂਚ ਦਾ ਐਲਾਨ ਕਰਨ। ਅਜਿਹਾ ਨਾ ਕਰਨ ’ਤੇ ਟਰੰਪ ਨੇ ਯੂਕ੍ਰੇਨ ਨੂੰ ਮਿਲਣ ਵਾਲੀ ਕਰੀਬ 40 ਕਰੋੜ ਡਾਲਰ ਦੀ ਫੌਜੀ ਮਦਦ ਰੋਕ ਦਿੱਤੀ ਸੀ। ਦੂਜੀ ਵਾਰ 6 ਜਨਵਰੀ 2021 ਨੂੰ ਟਰੰਪ ਦੇ ਸਮਰਥਕਾਂ ਨੇ ਅਮਰੀਕੀ ਸੰਸਦ ਭਵਨ ਕੈਪੀਟਲ ’ਤੇ ਹਮਲਾ ਕਰ ਦਿੱਤਾ ਸੀ। ਟਰੰਪ ’ਤੇ ਆਪਣੇ ਭਾਸ਼ਣ ਅਤੇ ਬਿਆਨਾਂ ਨਾਲ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲੱਗਿਆ ਸੀ।

