SGPC President Harjinder Singh Dhami Honoured with Gold Medal at Fresno Gurdwara
“ਫਰਿਜ਼ਨੋ ਵਿਖੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੋਲਡ ਮੈਡਲ ਨਾਲ ਸਨਮਾਨਿਤ”

ਫਰਿਜ਼ਨੋ (ਕੈਲੀਫੋਰਨੀਆ), 16 ਜੂਨ 2026 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਦਮਦਮੀ ਟਕਸਾਲ ਦੇ ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਫਰਿਜ਼ਨੋ (ਕੈਲੀਫੋਰਨੀਆ) ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਦੌਰਾਨ ਗੁਰਦੁਆਰਾ ਸਾਹਿਬ ਅਤੇ ਦਮਦਮੀ ਟਕਸਾਲ ਵੱਲੋਂ ਉਨ੍ਹਾਂ ਦੀਆਂ ਵਿਲੱਖਣ ਪੰਥਕ ਸੇਵਾਵਾਂ, ਸਿੱਖ ਕੌਮ ਪ੍ਰਤੀ ਸਮਰਪਣ ਅਤੇ ਲੰਮੇ ਸਮੇਂ ਤੋਂ ਨਿਭਾਈ ਜਾ ਰਹੀ ਅਗਵਾਈ ਦੇ ਸਨਮਾਨ ਵਜੋਂ ਸੋਨੇ ਦੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਪੰਥਕ ਆਗੂ ਭਾਈ ਰਜਿੰਦਰ ਸਿੰਘ ਮਹਿਤਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ ਦੀਆਂ ਪੰਥਕ ਸੇਵਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਹਰਜਿੰਦਰ ਸਿੰਘ ਧਾਮੀ ਨੇ ਆਪਣੇ ਕੈਲੀਫੋਰਨੀਆ ਦੌਰੇ ਦੇ ਮੁੱਖ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੂਬਾ ਸਿਟੀ ਵਿਖੇ ਇੱਕ ਅਤਿ-ਆਧੁਨਿਕ ਪ੍ਰਿੰਟਿੰਗ ਪ੍ਰੈੱਸ ਸਥਾਪਿਤ ਕੀਤੀ ਜਾ ਰਹੀ ਹੈ, ਜਿੱਥੇ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਛਪਾਈ ਕੀਤੀ ਜਾ ਸਕੇਗੀ। ਉਨ੍ਹਾਂ ਇਸ ਪ੍ਰੋਜੈਕਟ ਨੂੰ ਸਿੱਖ ਪੰਥ ਲਈ ਇਤਿਹਾਸਕ ਅਤੇ ਮਾਣਮੱਤਾ ਉਪਰਾਲਾ ਕਰਾਰ ਦਿੱਤਾ।
ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ, ਵਿਦਿਅਕ ਅਤੇ ਪੰਥਕ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੰਥਕ ਸੰਸਥਾਵਾਂ ਅਤੇ ਮਹਾਂਪੁਰਖਾਂ ਖ਼ਿਲਾਫ਼ ਹੋ ਰਹੇ ਕੂੜ ਪ੍ਰਚਾਰ ਦੀ ਨਿੰਦਾ ਕਰਦਿਆਂ ਸੰਗਤਾਂ ਨੂੰ ਅਜਿਹੇ ਭਰਮਜਨਕ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਯੂਬਾ ਸਿਟੀ ਵਿਖੇ ਸਥਾਪਿਤ ਹੋ ਰਹੀ ਪ੍ਰੈੱਸ ਦੇ ਇਸ ਮਹੱਤਵਪੂਰਨ ਉਪਰਾਲੇ ਦਾ ਭਰਪੂਰ ਸਵਾਗਤ ਕੀਤਾ। ਸੰਗਤਾਂ ਨੇ ਇਸ ਪ੍ਰੋਜੈਕਟ ਨੂੰ ਗੁਰਬਾਣੀ ਦੇ ਪ੍ਰਕਾਸ਼ ਅਤੇ ਪ੍ਰਸਾਰ ਲਈ ਇੱਕ ਇਤਿਹਾਸਕ ਕਦਮ ਦੱਸਦਿਆਂ ਇਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
