Petrol has become cheaper by Rs 5!
5 ਰੁਪਏ ਸਸਤਾ ਹੋ ਗਿਆ ਪੈਟਰੋਲ !
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਜੰਗ ਦੌਰਾਨ ਹੋਰਮੁਜ਼ ਦਾ ਲਾਂਘਾ ਬੰਦ ਹੋਣ ਕਾਰਨ ਪੂਰੀ ਦੁਨੀਆ ‘ਚ ਤੇਲ-ਗੈਸ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦੇਖਿਆ ਗਿਆ ਹੈ। ਹੁਣ ਜਦੋਂ ਜੰਗ ਖ਼ਤਮ ਹੋ ਚੁੱਕੀ ਹੈ ਅਤੇ ਹੋਰਮੁਜ਼ ਦਾ ਲਾਂਘਾ ਖੁੱਲ੍ਹ ਗਿਆ ਹੈ ਤਾਂ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਤੇਲ ਵਿਕਰੇਤਾ ਕੰਪਨੀ ਨਾਇਰਾ ਐਨਰਜੀ ਨੇ ਵੱਡੀ ਰਾਹਤ ਦਿੰਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਪਿਛਲੇ ਦੋ ਸਾਲਾਂ ‘ਚ ਕਿਸੇ ਵੀ ਤੇਲ ਕੰਪਨੀ ਵੱਲੋਂ ਫਿਊਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੀਤੀ ਗਈ ਇਹ ਪਹਿਲੀ ਕਟੌਤੀ ਹੈ। ਜ਼ਿਕਰਯੋਗ ਹੈ ਕਿ ਮਿਡਲ ਈਸਟ ‘ਚ ਤਣਾਅ ਘੱਟ ਹੋਣ ਅਤੇ ਹੋਰਮੁਜ਼ ਦੇ ਦੁਬਾਰਾ ਖੁੱਲ੍ਹਣ ਕਾਰਨ ਕੱਚੇ ਤੇਲ ਅਤੇ ਐੱਲ.ਐੱਨ.ਜੀ. ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ। ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਖ਼ਤਮ ਹੋਣ ਕਰ ਕੇ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਵੱਡੀ ਗਿਰਾਵਟ ਆਈ ਹੈ, ਜਿਸ ਦਾ ਫਾਇਦਾ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਹੈ। ਜਾਣਕਾਰੀ ਮੁਤਾਬਕ ਨਵੀਆਂ ਘਟੀਆਂ ਹੋਈਆਂ ਕੀਮਤਾਂ ਦੇਸ਼ ਭਰ ਵਿੱਚ ਸਥਿਤ ਨਾਇਰਾ ਦੇ 7,000 ਤੋਂ ਵੱਧ ਪੈਟਰੋਲ ਪੰਪਾਂ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਵੱਖ-ਵੱਖ ਸੂਬਿਆਂ ‘ਚ VAT ਦੇ ਕਾਰਨ ਕੀਮਤਾਂ ਵਿੱਚ ਥੋੜ੍ਹਾ ਬਹੁਤ ਫਰਕ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਨਿੱਜੀ ਕੰਪਨੀ ਨਾਇਰਾ ਵੱਲੋਂ ਰੇਟ ਘਟਾਉਣ ਦੇ ਬਾਵਜੂਦ, ਦੇਸ਼ ਦੀਆਂ ਸਰਕਾਰੀ ਖੇਤਰ ਦੀਆਂ ਪ੍ਰਮੁੱਖ ਤੇਲ ਕੰਪਨੀਆਂ- ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਨ੍ਹਾਂ ਕੰਪਨੀਆਂ ਦੇ ਪੰਪਾਂ ‘ਤੇ ਫਿਲਹਾਲ ਪੁਰਾਣੀਆਂ ਕੀਮਤਾਂ ਹੀ ਜਾਰੀ ਰਹਿਣਗੀਆਂ।

