Major accident in Lahore, Pakistan: 14 children killed, 20 injured as roof of tuition center collapses
ਪਾਕਿਸਤਾਨ ਦੇ ਲਾਹੌਰ ‘ਚ ਵੱਡਾ ਹਾਦਸਾ: ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ, 20 ਜ਼ਖਮੀ
ਲਾਹੌਰ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਚੱਲ ਰਹੇ ਪ੍ਰਾਈਵੇਟ ਟਿਊਸ਼ਨ ਸੈਂਟਰ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ 14 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ 20 ਹੋਰ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਇਹ ਹਾਦਸਾ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਕਾਹਨਾ ਨੌ ਦੀ ਈਦਗਾਹ ਕਲੋਨੀ ਵਿੱਚ ਵਾਪਰਿਆ। ਹਾਦਸੇ ਦੇ ਸਮੇਂ ਟਿਊਸ਼ਨ ਸੈਂਟਰ ਵਿੱਚ 7 ਤੋਂ 13 ਸਾਲ ਦੀ ਉਮਰ ਦੇ ਲਗਭਗ 30 ਬੱਚੇ ਟਿਊਸ਼ਨ ਪੜ੍ਹ ਰਹੇ ਸਨ। ਅਚਾਨਕ ਛੱਤ ਡਿੱਗਣ ਕਾਰਨ ਸਾਰੇ ਬੱਚੇ ਮਲਬੇ ਹੇਠਾਂ ਦੱਬ ਗਏ। ਜ਼ਖ਼ਮੀ ਹੋਏ 20 ਬੱਚਿਆਂ ਅਤੇ ਇੱਕ ਮਹਿਲਾ ਅਧਿਆਪਕ ਨੂੰ ਤੁਰੰਤ ਲਾਹੌਰ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਲਾਹੌਰ ਦੇ ਡੀ.ਆਈ.ਜੀ. (ਓਪਰੇਸ਼ਨਜ਼) ਫੈਸਲ ਕਾਮਰਾਨ ਨੇ ਦੱਸਿਆ ਕਿ ਇਮਾਰਤ ਦਾ ਇੱਕ ਹਿੱਸਾ ਅਜੇ ਬਣ ਰਿਹਾ ਸੀ ਅਤੇ ਜਦੋਂ ਛੱਤ ਡਿੱਗੀ ਤਾਂ ਉੱਥੇ ਮਜ਼ਦੂਰ ਕੰਮ ਕਰ ਰਹੇ ਸਨ। ਪੁਲਸ ਨੇ ਇਸ ਮਾਮਲੇ ਵਿੱਚ ਠੇਕੇਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਨੂੰ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ‘ਇਧੀ ਫਾਊਂਡੇਸ਼ਨ’ ਅਤੇ ਹੋਰ ਬਚਾਅ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਮਲਬੇ ਵਿੱਚ ਫਸੇ ਹੋਰ ਸੰਭਾਵਿਤ ਪੀੜਤਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ।

