2,000 deaths in a week! The heat is killing people, the whole of Europe is heating up like an oven
ਇਕ ਹਫ਼ਤੇ ‘ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, ‘ਤੰਦੂਰ’ ਵਾਂਗ ਤਪ ਗਿਆ ਪੂਰਾ ਯੂਰਪ
ਪੈਰਿਸ (ਆਵਾਜ਼ਿ ਕੌਮ ਬਿਊਰੋ)-ਪੂਰੀ ਧਰਤੀ ਇਸ ਸਮੇਂ ਅੱਗ ਦਾ ਗੋਲਾ ਬਣੀ ਹੋਈ ਹੈ। ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਇਸ ਸਮੇਂ ਸਾੜ ਦੇਣ ਵਾਲੀ ਗਰਮੀ ਨਾਲ ਜੂਝ ਰਹੇ ਹਨ, ਜਿਸ ਕਾਰਨ ਜਨਤਾ ਦਾ ਹਾਲ ਬੇਹਾਲ ਹੋਇਆ ਪਿਆ ਹੈ। ਇਸੇ ਦੌਰਾਨ ਸਾਲ ਦੇ ਜ਼ਿਆਦਾਤਰ ਸਮੇਂ ਠੰਡਾ ਰਹਿਣ ਵਾਲਾ ਯੂਰਪ ਵੀ ਕਹਿਰ ਦੀ ਗਰਮੀ ਅਤੇ ਰਿਕਾਰਡ ਤੋੜ ਹੀਟਵੇਵ ਦੀ ਲਪੇਟ ’ਚ ਹੈ। ਫ਼ਰਾਂਸ ’ਚ ਜੂਨ ਦੇ ਆਖ਼ਰੀ ਹਫ਼ਤੇ ਦੌਰਾਨ ਗਰਮੀ ਨਾਲ ਮੌਤਾਂ ਦੀ ਗਿਣਤੀ ’ਚ ਖ਼ਤਰਨਾਕ ਉਛਾਲ ਦਰਜ ਕੀਤਾ ਗਿਆ ਹੈ। ਫ਼ਰਾਂਸੀਸੀ ਅਧਿਕਾਰੀਆਂ ਮੁਤਾਬਕ ਸਿਰਫ ਇਕ ਹਫ਼ਤੇ ’ਚ 2000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਜਿਸ ਨੇ ਪੂਰੇ ਯੂਰਪ ’ਚ ਚਿੰਤਾ ਵਧਾ ਦਿੱਤੀ ਹੈ। ਫ਼ਰਾਂਸ ਦੀ ਸਿਹਤ ਮੰਤਰੀ ਸਟੇਫ਼ਨੀ ਰਿਸਟ ਨੇ ਕਿਹਾ ਕਿ ਜੂਨ ਦੇ ਆਖਰੀ ਹਫ਼ਤੇ ’ਚ ਮੌਤਾਂ ’ਚ 29 ਫੀਸਦੀ ਦਾ ਵਾਧਾ ਹੋਇਆ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਇਸ ਦਾ ਅਸਰ ਸਭ ਤੋਂ ਜ਼ਿਆਦਾ ਦੇਖਿਆ ਗਿਆ। 24 ਜੂਨ ਨੂੰ ਫ਼ਰਾਂਸ ਨੇ ਦੇਸ਼ਵਿਆਪੀ ਔਸਤ ਤਾਪਮਾਨ ਦੇ ਲਿਹਾਜ਼ ਨਾਲ ਆਪਣਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ। ਰਾਜਧਾਨੀ ਪੈਰਿਸ ’ਚ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਦਕਿ ਦੇਸ਼ ਦੇ ਅੱਧੇ ਹਿੱਸੇ ’ਚ ਰੈੱਡ ਹੀਟ ਅਲਰਟ ਜਾਰੀ ਕਰਨਾ ਪਿਆ। ਫ਼ਰਾਂਸ ਦੀ ਜਨਤਕ ਸਿਹਤ ਏਜੰਸੀ ਅਨੁਸਾਰ 22 ਤੋਂ 28 ਜੂਨ ਦੇ ਵਿਚਕਾਰ 2025 ਵਾਧੂ ਮੌਤਾਂ ਦਰਜ ਹੋਈਆਂ। ਇਕੱਲੇ ਪੈਰਿਸ ਖੇਤਰ ’ਚ ਮੌਤਾਂ ’ਚ 62 ਫੀਸਦੀ ਤੱਕ ਵਾਧਾ ਹੋਇਆ ਹੈ। ਫਰਾਂਸ ਤੋਂ ਇਲਾਵਾ ਬੈਲਜੀਅਮ ਅਤੇ ਨੀਦਰਲੈਂਡਸ ’ਚ ਵੀ ਗਰਮੀ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਬੈਲਜੀਅਮ ’ਚ ਹੀਟਵੇਵ ਦੌਰਾਨ 1222 ਵਾਧੂ ਮੌਤਾਂ ਦਰਜ ਹੋਈਆਂ, ਜੋ ਆਮ ਨਾਲੋਂ 39 ਫੀਸਦੀ ਜ਼ਿਆਦਾ ਹਨ। ਇਨ੍ਹਾਂ ’ਚ ਲੱਗਭਗ ਅੱਧੇ ਲੋਕ 85 ਸਾਲ ਤੋਂ ਵੱਧ ਉਮਰ ਦੇ ਸਨ। ਨੀਦਰਲੈਂਡਸ ’ਚ ਵੀ ਰਿਕਾਰਡ ਗਰਮੀ ਕਾਰਨ ਕਰੀਬ 480 ਵਾਧੂ ਮੌਤਾਂ ਦੀ ਪੁਸ਼ਟੀ ਹੋਈ ਹੈ। ਇੱਥੇ ਤਾਪਮਾਨ ਕਈ ਇਲਾਕਿਆਂ ’ਚ 40 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ। ਮੌਸਮ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ’ਚ ਯੂਰਪ ’ਚ ਇਕ ਹੋਰ ਖ਼ਤਰਨਾਕ ਗਰਮੀ ਦੀ ਲਹਿਰ ਆ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅਜ਼ੋਰੇਸ ਖੇਤਰ ਤੋਂ ਬਣ ਰਿਹਾ ਹਾਈ ਪ੍ਰੈਸ਼ਰ ਸਿਸਟਮ ਪੁਰਤਗਾਲ ਅਤੇ ਸਪੇਨ ਵੱਲ ਵਧ ਰਿਹਾ ਹੈ, ਜਿਸ ਨਾਲ ਫ਼ਰਾਂਸ ਅਤੇ ਦੱਖਣੀ ਬ੍ਰਿਟੇਨ ’ਚ ਤਾਪਮਾਨ ਫਿਰ ਤੇਜ਼ੀ ਨਾਲ ਵਧੇਗਾ। ਫ਼ਰਾਂਸ ਦੇ ਦੱਖਣੀ ਹਿੱਸਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਬੋਰਡੋ, ਟੂਲੂਜ਼ ਅਤੇ ਏਜੇਨ ਵਰਗੇ ਸ਼ਹਿਰਾਂ ’ਚ 36 ਤੋਂ 37 ਡਿਗਰੀ ਤਾਪਮਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਫ਼ਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਦੱਸਿਆ ਕਿ ਗਰਮੀਆਂ ਦੀ ਸ਼ੁਰੂਆਤ ਤੋਂ ਹੁਣ ਤੱਕ ਕਰੀਬ 7000 ਥਾਵਾਂ ’ਤੇ ਅੱਗ ਲੱਗ ਚੁੱਕੀ ਹੈ ਅਤੇ ਲੱਗਭਗ 8700 ਹੈਕਟੇਅਰ ਖੇਤਰ ਸੜ ਚੁੱਕਾ ਹੈ। ਯੂਰਪ ਦੇ ਇਬੇਰੀਅਨ ਪ੍ਰਾਇਦੀਪ ਮਤਲਬ ਸਪੇਨ ਅਤੇ ਪੁਰਤਗਾਲ ’ਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਪੁਰਤਗਾਲ ਸਰਕਾਰ ਨੇ ਮੰਗਲਵਾਰ ਰਾਤ ਤੱਕ ਰਾਸ਼ਟਰੀ ਅਲਰਟ ਐਲਾਨ ਕੀਤਾ ਹੈ। ਕਈ ਇਲਾਕਿਆਂ ’ਚ ਤਾਪਮਾਨ 40 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦਕਿ ਰਾਤ ਦਾ ਤਾਪਮਾਨ ਵੀ 25 ਡਿਗਰੀ ਤੋਂ ਹੇਠਾਂ ਨਹੀਂ ਜਾ ਰਿਹਾ। ਸਪੇਨ ’ਚ ਦੱਖਣ-ਪੱਛਮੀ ਹਿੱਸਿਆਂ ’ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਕਈ ਇਲਾਕਿਆਂ ’ਚ ਪਾਰਾ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਫ਼ਰਾਂਸ ’ਚ ਗਰਮੀ ਤੋਂ ਬਚਣ ਲਈ ਲੋਕ ਵੱਡੀ ਗਿਣਤੀ ’ਚ ਸਮੁੰਦਰ ਅਤੇ ਝਰਨਿਆਂ ਵੱਲ ਪਹੁੰਚੇ ਪਰ ਇਸ ਨਾਲ ਡੁੱਬਣ ਦੀਆਂ ਘਟਨਾਵਾਂ ’ਚ ਵੀ ਭਾਰੀ ਵਾਧਾ ਹੋਇਆ। ਫ਼ਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੁਨੇਜ ਮੁਤਾਬਕ 18 ਜੂਨ ਤੋਂ ਹੁਣ ਤੱਕ 72 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਹਿਰ ਦੀ ਗਰਮੀ ਦੌਰਾਨ ਲੋਕ ਜੋਖ਼ਮ ਉਠਾ ਕੇ ਪਾਣੀ ’ਚ ਉਤਰ ਰਹੇ ਹਨ, ਜਿਸ ਨਾਲ ਹਾਦਸੇ ਵਧ ਰਹੇ ਹਨ।

