Creation Day of Sri Akal Takht Sahib celebrated with devotion, message from Jathedar Gargajj to the Sikh community
ਸ਼ਰਧਾ ਸਹਿਤ ਮਨਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ, ਜਥੇਦਾਰ ਗੜਗੱਜ ਵੱਲੋਂ ਸਿੱਖ ਕੌਮ ਨੂੰ ਸੰਦੇਸ਼
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਮੀਰੀ-ਪੀਰੀ ਦੇ ਸਰਵਉੱਚ ਅਸਥਾਨ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੂਰੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਗੁਰਮੀਤ ਸਿੰਘ ਬੂਹ, ਭਾਈ ਅਜੈਬ ਸਿੰਘ ਅਭਿਆਸੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੁੱਖ ਮੈਨੇਜਰ ਮੇਜਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ, ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸੰਗਤਾਂ ਹਾਜ਼ਰ ਸਨ। ਇਸ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਛੇਵੇਂ ਪਾਤਸ਼ਾਹ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ, ਖਾਲਸਾ ਪੰਥ ਤੇ ਵਿਸ਼ਵ ਭਰ ਦੀ ਸੰਗਤ ਨੂੰ ਸਿਰਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਨਸ਼ਿਆਂ ਦੀ ਭਿਆਨਕ ਬੁਰਾਈ ਤੋਂ ਬਚਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਪੁਰਜ਼ੋਰ ਪ੍ਰੇਰਨਾ ਕੀਤੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੰਨ 1606 ਈਸਵੀ ‘ਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਜਦੋਂ ਦਿੱਲੀ ਦਾ ਤਖ਼ਤ ਜਬਰ ਤੇ ਜ਼ੁਲਮ ਦਾ ਪ੍ਰਤੀਕ ਬਣਿਆ ਹੋਇਆ ਸੀ ਤੇ ਲੋਕਾਂ ਦੀ ਦੁਨਿਆਵੀ ਤਖ਼ਤਾਂ ਤੋਂ ਇਨਸਾਫ਼ ਦੀ ਉਮੀਦ ਖ਼ਤਮ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਮਕਸਦ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਪੱਖੋਂ ਸਹੀ ਦਿਸ਼ਾ ਤੇ ਅਗਵਾਈ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਸਿੱਖ ਕੌਮ ਦਾ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੱਕ, ਸੱਚ ਤੇ ਇਨਸਾਫ਼ ਦਾ ਪ੍ਰਤੀਕ ਹੈ। ਇੱਥੇ ਹਰ ਫ਼ਰਿਆਦੀ ਦੀ ਗੱਲ ਸੁਣੀ ਜਾਂਦੀ ਹੈ ਤੇ ਇਨਸਾਫ਼ ਦੇ ਅਸੂਲਾਂ ‘ਤੇ ਫ਼ੈਸਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਝੂਲਦੇ ਨਿਸ਼ਾਨ ਸਾਹਿਬ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਸਿੱਖ ਧਰਮ ‘ਚ ਰੂਹਾਨੀਅਤ ਤੇ ਸੰਸਾਰਕ ਜ਼ਿੰਮੇਵਾਰੀਆਂ ਦੋਵੇਂ ਇੱਕਸਾਰ ਮਹੱਤਵ ਰੱਖਦੀਆਂ ਹਨ। ਇਸ ਦੌਰਾਨ ਜਥੇਦਾਰ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਬੇਹੱਦ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜਿਸ ਦੀ ਲਪੇਟ ਵਿੱਚ ਸਾਡੀ ਜਵਾਨੀ ਆ ਰਹੀ ਹੈ। ਇਸ ਨਾਮੁਰਾਦ ਬੁਰਾਈ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਖ਼ੁਦ ਅੱਗੇ ਹੋ ਕੇ ਯਤਨ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖ਼ਾਲਸਾ ਪੰਥ ਹੀ ਆਪਣੀ ਗੌਰਵਮਈ ਰਵਾਇਤ ਨਾਲ ਇਸ ਨਸ਼ਿਆਂ ਦੇ ਦਰਿਆ ਦਾ ਵਹਿਣ ਮੋੜਨ ਦੇ ਸਮਰੱਥ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਰਲ-ਮਿਲ ਕੇ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰਾਣੀ ਗੁਰੂ ਦੇ ਲੜ ਲੱਗੇਗਾ, ਖੰਡੇ-ਬਾਟੇ ਦੀ ਪਾਹੁਲ ਛਕੇਗਾ ਅਤੇ ਨਿਤਨੇਮੀ ਬਣ ਕੇ ਬਾਣੀ ਤੇ ਬਾਣੇ ਦਾ ਧਾਰਨੀ ਬਣੇਗਾ, ਤਾਂ ਉਹ ਖ਼ੁਦ-ਬਖ਼ੁਦ ਹੀ ਹਰ ਪ੍ਰਕਾਰ ਦੇ ਵਿਕਾਰਾਂ ਤੇ ਨਸ਼ਿਆਂ ਦੀ ਬੁਰਾਈ ਤੋਂ ਦੂਰ ਹੋ ਜਾਵੇਗਾ। ਉਨ੍ਹਾਂ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਕੁਝ ਪੰਥ ਵਿਰੋਧੀ ਤਾਕਤਾਂ ਇਸ ਮਹਾਨ ਸੰਸਥਾ ਦੀ ਸਰਵਉੱਚਤਾ ਦੇ ਸਿਧਾਂਤ ਅਤੇ ਹੋਂਦ ਨੂੰ ਢਾਹ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਪਛਾਨਣ ਦੀ ਬੇਹੱਦ ਲੋੜ ਹੈ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਖਿਆ ਕਿ ਉਹ ਅਜਿਹੀਆਂ ਅੰਦਰੂਨੀ ਤੇ ਬਾਰੂਦੀ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਇੱਕਜੁੱਟ ਹੋਣ ਅਤੇ ਹਮੇਸ਼ਾ ਚੌਕਸ ਰਹਿਣ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਮਨੁੱਖਤਾ ਨੂੰ ਭਾਈਚਾਰੇ, ਆਪਸੀ ਪਿਆਰ ਤੇ ਨਾਨਕ ”ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਦੇ ਸਿਧਾਂਤ ‘ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸਰਬੱਤ ਦੇ ਭਲੇ ਲਈ ਯਤਨ ਕਰਨ ਦੀ ਅਪੀਲ ਕੀਤੀ।

