Following the order of Sri Akal Takht, devotees took out cards with CM Mann’s picture
ਸ੍ਰੀ ਅਕਾਲ ਤਖਤ ਦੇ ਆਦੇਸ਼ ਤੋਂ ਬਾਅਦ ਸ਼ਰਧਾਲੂਆਂ ਨੇ ਉਤਾਰੇ CM ਮਾਨ ਦੀ ਤਸਵੀਰ ਵਾਲੇ ਕਾਰਡ
Amritsar (ਆਵਾਜ਼ਿ ਕੌਮ ਬਿਊਰੋ)-ਵਿਵਾਦਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਜਾਰੀ ਕੀਤੇ ਗਏ ਆਦੇਸ਼ ਦਾ ਅਸਰ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘ਗੁਰੂ ਦੋਖੀ’ ਅਤੇ ‘ਪੰਥ ਵਿਰੋਧੀ’ ਕਰਾਰ ਦਿੱਤਾ ਗਿਆ ਹੈ ਅਤੇ ਸੰਗਤ ਨੂੰ ਉਨ੍ਹਾਂ ਦਾ ਸਹਿਯੋਗ ਨਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਕੰਪਲੈਕਸ ਵਿੱਚ ਕੁਝ ਸਿੱਖ ਨੌਜਵਾਨਾਂ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਗੁਰੂ ਘਰ ਦੇ ਅੰਦਰ ਜਾਣ ਸਮੇਂ ਉਹ ਮੁੱਖ ਮੰਤਰੀ ਦੀ ਤਸਵੀਰ ਵਾਲਾ ਸ਼ਨਾਖਤੀ ਕਾਰਡ ਉਤਾਰ ਕੇ ਜਾਣ। ਨੌਜਵਾਨਾਂ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਇਸ ਕਾਰਡ ਨੂੰ ਗਲੇ ਵਿੱਚ ਪਾਉਣ ਦੀ ਥਾਂ ਆਪਣੀ ਜੇਬ ਵਿੱਚ ਰੱਖ ਲੈਣ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਸਹਿਯੋਗ ਨਾ ਦੇਣ ਦਾ ਆਦੇਸ਼ ਹੈ। ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿੱਚ ਇਹ ਨੌਜਵਾਨ ਸੰਗਤ ਨੂੰ ਸ੍ਰੀ ਅਕਾਲ ਤਖਤ ਦੇ ਆਦੇਸ਼ ਬਾਰੇ ਜਾਣੂ ਕਰਵਾ ਰਹੇ ਹਨ। ਨੌਜਵਾਨਾਂ ਦੀ ਇਸ ਅਪੀਲ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਉਹ ਸ਼ਨਾਖਤੀ ਕਾਰਡ ਉਤਾਰ ਦਿੱਤੇ ਗਏ। ਇਸ ਮਾਮਲੇ ਦੀ ਪੁਸ਼ਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੀ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਸਾਫ਼ ਕੀਤਾ ਕਿ ਇਹ ਕਾਰਜ ਕੁਝ ਸਿੱਖ ਯਾਤਰੂਆਂ ਵੱਲੋਂ ਹੀ ਕੀਤਾ ਗਿਆ ਹੈ, ਜੋ ਖੁਦ ਇੱਥੇ ਨਤਮਸਤਕ ਹੋਣ ਆਏ ਸਨ।

