Akali Dal (Punar Surjit) launched in Chandigarh, announced to contest Municipal Corporation elections
ਅਕਾਲੀ ਦਲ (ਪੁਨਰ ਸੁਰਜੀਤ) ਨੇ ਚੰਡੀਗੜ੍ਹ ‘ਚ ਕੀਤਾ ਆਗਾਜ਼, ਨਗਰ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਸ਼ਨੀਵਾਰ ਨੂੰ ਆਪਣੀ ਚੰਡੀਗੜ੍ਹ ਇਕਾਈ ਦਾ ਐਲਾਨ ਕੀਤਾ। ਚੰਡੀਗੜ੍ਹ ’ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸਾਲ 2029 ਦੀਆਂ ਲੋਕ ਸਭਾ ਚੋਣਾਂ ਚੰਡੀਗੜ੍ਹ ਸੰਸਦੀ ਹਲਕੇ ਤੋਂ ਲੜਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਭੂਗੋਲਿਕ ਅਤੇ ਸਮਾਜਿਕ ਤੌਰ ‘ਤੇ ਪੰਜਾਬ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਨੇ ਚੰਡੀਗੜ੍ਹ ਦੇ ਲੋਕਾਂ ਅਤੇ ਇੱਥੋਂ ਦੇ ਅਕਾਲੀ ਵਰਕਰਾਂ ਨੂੰ ਨਜ਼ਰ-ਅੰਦਾਜ਼ ਕੀਤਾ ਹੈ। ਗ਼ਲਤ ਨੀਤੀਆਂ ਕਾਰਨ ਅਕਾਲੀ ਕਾਡਰ ਦਾ ਮੋਹ ਭੰਗ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਸਾਰੇ ਅਕਾਲੀ ਧੜਿਆਂ ਨੂੰ ਇਕ ਮੰਚ ‘ਤੇ ਲਿਆਉਣ ’ਚ ਸਫ਼ਲ ਰਹੇ ਹਨ। ਗੁਰਜੀਤ ਸਿੰਘ ਤਲਵੰਡੀ ਤੇ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਦੇ ਜ਼ੋਨ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ, ਜੋ ਜ਼ਮੀਨੀ ਪੱਧਰ ਤੱਕ ਪਹੁੰਚ ਕਰਨਗੇ ਅਤੇ ਇਕ ਮਹੀਨੇ ਅੰਦਰ ਪਾਰਟੀ ਦਾ ਪੂਰਾ ਢਾਂਚਾ ਐਲਾਨ ਦਿੱਤਾ ਜਾਵੇਗਾ। ਪਾਰਟੀ ਲੀਡਰਸ਼ਿਪ ਨੇ ਚੰਡੀਗੜ੍ਹ ਦੇ ਸਾਰੇ ਪੰਥਕ ਸੰਗਠਨਾਂ ਤੇ ਪਿੰਡਾਂ ਨੂੰ ਅੱਗੇ ਆ ਕੇ ਇਸ ਮੁਹਿੰਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ ਖੇਤਰੀ ਪਾਰਟੀ ਦੀ ਘਾਟ ਕਾਰਨ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਅਣਸੁਣੀ ਰਹਿ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਚੰਡੀਗੜ੍ਹ ਦੇ ਸਾਰੇ ਭਾਈਚਾਰਿਆਂ ਅਤੇ ਸੰਗਠਨਾਂ ਨਾਲ ਸੰਪਰਕ ਕਰੇਗੀ, ਉਨ੍ਹਾਂ ਦੀ ਰਾਏ ਜਾਣੇਗੀ ਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਇਕ ਵੱਡੇ ਏਜੰਡੇ ਨਾਲ ਚੰਡੀਗੜ੍ਹ ’ਚ ਕਦਮ ਰੱਖ ਰਹੀ ਹੈ। ਪਾਰਟੀ ਨੇ ਉਨ੍ਹਾਂ ਮੁੱਦਿਆਂ ‘ਤੇ ਆਧਾਰਿਤ ਵਿਸਥਾਰਤ ਏਜੰਡਾ ਪੇਸ਼ ਕੀਤਾ ਹੈ, ਜੋ ਦਹਾਕਿਆਂ ਤੋਂ ਲਟਕੇ ਹਨ ਪਰ ਕਿਸੇ ਵੀ ਪਾਰਟੀ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਆਲੇ-ਦੁਆਲੇ ਦੇ ਪਿੰਡਾਂ ਲਈ ਪਾਰਟੀ ਨੇ ਮੰਗ ਕੀਤੀ ਕਿ ਲੈਂਡ ਪੂਲਿੰਗ ਨੀਤੀ ’ਚ ਗੁਜਰਾਤ ਮਾਡਲ ਅਨੁਸਾਰ ਜ਼ਮੀਨ ਐਕਵਾਇਰ ਕਰਨ ਦਾ ਬਦਲ ਹੋਵੇ ਜਾਂ ਮਾਲਕਾਂ ਨੂੰ ਬਾਜ਼ਾਰ ਮੁੱਲ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇ। ਇਸ ਤੋਂ ਇਲਾਵਾ ਪਾਰਟੀ ਨੇ 30,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਤੇ 30,000 ਲੀਟਰ ਮੁਫ਼ਤ ਪਾਣੀ ਦੇਣ ਦੀ ਮੰਗ ਕੀਤੀ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਪੰਜਾਬੀ ਨੂੰ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਬਣਾਇਆ ਜਾਵੇ ਅਤੇ ਚੰਡੀਗੜ੍ਹ ਪ੍ਰਸ਼ਾਸਨ ’ਚ ਪੰਜਾਬ ਪੁਨਰਗਠਨ ਐਕਟ, 1966 ਅਨੁਸਾਰ ਪੰਜਾਬ ਅਤੇ ਹਰਿਆਣਾ ਲਈ 60:40 ਦੇ ਅਨੁਪਾਤ ਵਿੱਚ ਭਰਤੀਆਂ ਕੀਤੀਆਂ ਜਾਣ। ਪਾਰਟੀ ਨੇ ਚੰਡੀਗੜ੍ਹ ਨੂੰ 24 ਘੰਟੇ ਸਰਗਰਮ ਰਹਿਣ ਵਾਲੇ ਸ਼ਹਿਰ ਵਜੋਂ ਵਿਕਸਤ ਕਰਨ ਦਾ ਵਿਜ਼ਨ ਵੀ ਪੇਸ਼ ਕੀਤਾ। ਇਸ ਦੇ ਨਾਲ ਹੀ ਸੈਕਟਰ-17 ’ਚ ਯੂਰਪੀਅਨ ਸ਼ੈਲੀ ਦਾ ਸ਼ਾਪਿੰਗ ਵਿਲੇਜ ਬਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਉਦਯੋਗਾਂ ਲਈ ਅਨੁਕੂਲ ਨੀਤੀ ਬਣਾਉਣ ਅਤੇ ਉਦਯੋਗਿਕ ਪਲਾਟਾਂ ਨੂੰ ਵਪਾਰਕ ਪਲਾਟਾਂ ’ਚ ਤਬਦੀਲ ਕਰਨ ਸਬੰਧੀ ਨਿਯਮਾਂ ’ਚ ਢਿੱਲ ਦੇਣ ਦੀ ਮੰਗ ਕੀਤੀ। ਇਸ ਮੌਕੇ ਬਾਬਾ ਗੁਰਦਿਆਲ ਸਿੰਘ, ਕਿਰਪਾਲ ਸਿੰਘ, ਜਸਪਾਲ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਕਲਸੀ, ਜਸਪ੍ਰੀਤ ਸਿੰਘ ਜੱਸਲ, ਦਵਿੰਦਰ ਸਿੰਘ ਸਿਗਲੀਗਰ, ਸੁਖਚੈਨ ਸਿੰਘ, ਰਤਨ ਸਿੰਘ, ਹਰਬੰਸ ਸਿੰਘ ਕੰਡੋਲਾ, ਭਜਨ ਸਿੰਘ ਸ਼ੇਰਗਿੱਲ, ਹਰਜਿੰਦਰ ਸਿੰਘ ਕੁਲਗਾਰਾ, ਪਤਵੰਤ ਸਿੰਘ ਰਿਆੜ , ਮਹਿੰਦਰ ਸਿੰਘ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।

