Palki Sahib stopped at the Attari-Wagah border; truck returned after 7 hours
ਅਟਾਰੀ-ਵਾਹਗਾ ਬਾਰਡਰ ‘ਤੇ ਪਾਲਕੀ ਸਾਹਿਬ ਨੂੰ ਰੋਕਿਆ, 7 ਘੰਟੇ ਬਾਅਦ ਟਰੱਕ ਵਾਪਸ ਪਰਤਿਆ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਭਾਰਤ ਤੋਂ ਪਾਕਿਸਤਾਨ ਦੇ ਸਥਿਤ ਜੈਕੋਬਾਬਾਦ ਦੇ ਗੁਰਦੁਆਰਾ ਸਾਹਿਬ ਲਈ ਭੇਜੀ ਗਈ ਪਾਲਕੀ ਸਾਹਿਬ ਨੂੰ ਅਟਾਰੀ-ਵਾਹਗਾ ਅੰਤਰਰਾਸ਼ਟਰੀ ਸਰਹੱਦ ‘ਤੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਕਰੀਬ 7 ਘੰਟੇ ਤੱਕ ਸਰਹੱਦ ‘ਤੇ ਖੜ੍ਹੇ ਰਹਿਣ ਤੋਂ ਬਾਅਦ ਵੀ ਪਾਕਿਸਤਾਨੀ ਅਧਿਕਾਰੀਆਂ ਨੇ ਮਨਜ਼ੂਰੀ ਨਾ ਦਿੱਤੀ, ਜਿਸ ਕਾਰਨ ਪਾਲਕੀ ਸਾਹਿਬ ਲੈ ਕੇ ਗਿਆ ਟਰੱਕ ਵਾਪਸ ਭਾਰਤ ਪਰਤ ਆਇਆ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਵਰਤੀ ਜਾਣ ਵਾਲੀ ਇਹ ਪਾਲਕੀ ਸਾਹਿਬ ਟਰੱਕ ਰਾਹੀਂ ਅਟਾਰੀ ਸਰਹੱਦ ਤੱਕ ਪਹੁੰਚਾਈ ਗਈ ਸੀ। ਇਸ ਨੂੰ ਪਾਕਿਸਤਾਨ ਭੇਜਣ ਲਈ ਭਾਰਤੀ ਅਧਿਕਾਰੀਆਂ ਵੱਲੋਂ ਸਾਰੀਆਂ ਜ਼ਰੂਰੀ ਰਸਮੀ ਕਾਰਵਾਈਆਂ ਵੀ ਪੂਰੀਆਂ ਕਰ ਲਈਆਂ ਗਈਆਂ ਸਨ। ਸਰਹੱਦ ‘ਤੇ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਕਸਟਮ ਅਧਿਕਾਰੀਆਂ ਨੇ ਪਾਲਕੀ ਸਾਹਿਬ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਮਨਜ਼ੂਰੀ ਲੈਣ ਦਾ ਹਵਾਲਾ ਦਿੰਦਿਆਂ ਸਮਾਂ ਮੰਗਿਆ। ਟਰੱਕ ਨਾਲ ਆਏ ਲੋਕਾਂ ਨੂੰ 6 ਤੋਂ 7 ਘੰਟੇ ਤੱਕ ਉਡੀਕ ਕਰਨੀ ਪਈ। ਉਨ੍ਹਾਂ ਨੂੰ ਉਮੀਦ ਸੀ ਕਿ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਜਾਜ਼ਤ ਮਿਲ ਜਾਵੇਗੀ। ਪਰ ਲੰਮੀ ਉਡੀਕ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਪਾਲਕੀ ਸਾਹਿਬ ਨੂੰ ਸਰਹੱਦ ਪਾਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਘਟਨਾ ਨਾਲ ਸਿੱਖ ਸੰਗਤ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

