Big incident in Jalandhar! Two brothers shot indiscriminately
ਜਲੰਧਰ ‘ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ ‘ਤੇ ਅੰਨ੍ਹੇਵਾਹ ਚਲਾ ‘ਤੀਆਂ ਗੋਲ਼ੀਆਂ
ਨੂਰਮਹਿਲ (ਆਵਾਜ਼ਿ ਕੌਮ ਬਿਊਰੋ)-ਨੂਰਮਹਿਲ ਖੇਤਰ ਦੇ ਕਰੀਬੀ ਪਿੰਡ ਉੱਪਲ ਜਗੀਰ ਵਿਖੇ ਕਾਰ ਸਵਾਰ ਕੁੜੀ-ਮੁੰਡੇ ਵੱਲੋਂ ਸਕੂਟਰ ਸਵਾਰ ਦੋ ਭਰਾਵਾਂ ‘ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਭਰਾ ਜ਼ਖ਼ਮੀ ਹੋ ਗਿਆ। ਪੀੜਤ ਹੈਪੀ ਪੁੱਤਰ ਕਰਮਜੀਤ ਵਾਸੀ ਪਿੰਡ ਉੱਪਲ ਭੂਪਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਆਪਣੇ ਭਰਾ ਨਵਦੀਪ ਨਾਲ ਨੂਰਮਹਿਲ ਵੱਲ ਜਾ ਰਿਹਾ ਸੀ। ਉਹ ਜਦੋਂ ਰਸਤੇ ਵਿਚ ਪੈਂਦੇ ਪਿੰਡ ਉੱਪਲ ਜਗੀਰ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਗੱਡੀ ਨੇ ਸਾਡੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਡਿੱਗ ਪਏ। ਇਸ ਦੌਰਾਨ ਕਾਰ ਸਵਾਰ ਕੁੜੀ ਮਨਜੋਤ ਕੌਰ ਪੁੱਤਰੀ ਹਰਨੇਕ ਸਿੰਘ ਵਾਸੀ ਉੱਪਲ ਜਗੀਰ ਅਤੇ ਮੁੰਡਾ ਹਰਕੀਰਤ ਸਿੰਘ ਪੁੱਤਰ ਸੋਢੀ ਸਿੰਘ ਵਾਸੀ ਪਿੰਡ ਸੋਹਲ ਜਗੀਰ ਥਾਣਾ ਸ਼ਾਹਕੋਟ ਸਾਡੀ ਮਦਦ ਕਰਨ ਦੀ ਬਜਾਏ ਗਾਲੀ-ਗਲੋਚ ਕਰਨ ਲੱਗੇ ਅਤੇ ਹੱਥੋਪਾਈ ਹੋਣ ਲੱਗੇ। ਇਸ ਦੌਰਾਨ ਕਾਰ ਸਵਾਰ ਲੜਕੀ ਨੇ ਲੜਕੇ ਨੂੰ ਕਿਹਾ ਕਿ ਇਨ੍ਹਾਂ ਨੂੰ ਗੋਲ਼ੀ ਮਾਰ ਦੇ। ਇਸ ਤੋਂ ਬਾਅਦ ਉਕਤ ਮੁੰਡੇ ਨੇ ਪਿਸਤੌਲ ਕੱਢ ਕੇ ਫ਼ਾਇਰ ਕਰ ਦਿੱਤੇ। ਇਕ ਗੋਲ਼ੀ ਉਸ ਦੀ ਬਾਂਹ ‘ਤੇ ਲੱਗੀ ਅਤੇ ਜਦਕਿ ਦੂਜੀ ਗੋਲ਼ੀ ਉਸ ਦੇ ਭਰਾ ਦੇ ਪੇਟ ਨੂੰ ਖਹਿ ਕੇ ਲੰਘ ਗਿਆ। ਸਾਡੇ ਰੌਲਾ ਪਾਉਣ ’ਤੇ ਜਦੋਂ ਪਿੰਡ ਵਾਸੀ ਇਕੱਠੇ ਹੋਣ ਲੱਗੇ ਤਾਂ ਉਕਤ ਦੋਵੇਂ ਲੜਕਾ-ਲੜਕੀ ਗੱਡੀ ਲੈ ਕੇ ਪਿੰਡ ਉੱਪਲ ਜਗੀਰ ਵੱਲ ਚਲੇ ਗਏ। ਇਸ ਦੌਰਾਨ ਪੁਲਸ ਨੇ ਦੋਵੇਂ ਲੜਕਾ-ਲੜਕੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਨਵਦੀਪ ਦਾ ਇਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਬ-ਡਿਵੀਜ਼ਨ ਨਕੋਦਰ ਦੇ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ਨੇ ਘਟਨਾ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੂਰਮਹਿਲ ਪੁਲਸ ਥਾਣੇ ਵਿਖੇ ਐੱਫ਼. ਆਈ. ਆਰ. ਨੰਬਰ 90, ਮਿਤੀ 07-07-2026, ਭਾਰਤੀ ਦੰਡਾਵਲੀ (ਆਈ. ਪੀ. ਸੀ), 2023 ਦੀ ਧਾਰਾ 109 ਅਤੇ 61(2) ਅਤੇ ਅਸਲਾ ਐਕਟ, 1959 ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਾਹਕੋਟ ਦੇ ਪਿੰਡ ਸੋਹਲ ਜਾਗੀਰ ਦੇ ਰਹਿਣ ਵਾਲੇ ਸੋਢੀ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਅਤੇ ਨੂਰਮਹਿਲ ਦੇ ਪਿੰਡ ਉੱਪਲ ਜਾਗੀਰ ਦੇ ਰਹਿਣ ਵਾਲੇ ਹਰਨੇਕ ਸਿੰਘ ਦੀ ਧੀ ਮਨਜੋਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

