He used to tie up the family and loot the house, he used to kill those who made noise! Now UP STF has conducted an encounter
ਟੱਬਰ ਨੂੰ ਬੰਨ੍ਹ ਕੇ ਲੁੱਟ ਲੈਂਦਾ ਸੀ ਘਰ, ਰੌਲ਼ਾ ਪਾਉਣ ਵਾਲਿਆਂ ਨੂੰ ਦਿੰਦਾ ਸੀ ਮੌਤ ! ਹੁਣ UP STF ਨੇ ਕਰ’ਤਾ ਐਨਕਾਊਂਟਰ
Lucknow (ਆਵਾਜ਼ਿ ਕੌਮ ਬਿਊਰੋ)-ਸਾਲ 2014 ਦੇ ਜੌਨਪੁਰ ਦੇ ਚਰਚਿਤ ਡਬਲ ਮਰਡਰ-ਡਕੈਤੀ ਕਾਂਡ ਦਾ ਮੁੱਖ ਮੁਲਜ਼ਮ ਅਤੇ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਆਸਿਫ ਉਰਫ ਵਿੱਕੀ ਛੈਮਾਰ ਮੰਗਲਵਾਰ ਨੂੰ ਅੰਬੇਡਕਰ ਨਗਰ ’ਚ ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਦੇ ਨਾਲ ਮੁਕਾਬਲੇ ’ਚ ਮਾਰਿਆ ਗਿਆ ਹੈ। ਉਸ ਦੀ ਮੌਤ ਦੀ ਸੂਚਨਾ ਮਿਲਦੇ ਹੀ ਜੌਨਪੁਰ ਦੇ ਪੀੜਤ ਪਰਿਵਾਰ ਨੇ ਰਾਹਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਪੁਲਸ ਅਨੁਸਾਰ ਕਾਨਪੁਰ ਨਗਰ ਦੇ ਬਿਲਹੌਰ ਖੇਤਰ ਦੇ ਮਕਨਪੁਰ ਵਾਸੀ ਆਸਿਫ ਉਰਫ ਵਿੱਕੀ ਛੈਮਾਰ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਮੁਕਾਬਲੇ ਤੋਂ ਬਾਅਦ ਉਸ ਕੋਲੋਂ 32 ਬੋਰ ਦਾ ਪਿਸਤੌਲ, 12 ਬੋਰ ਦੀ ਦੇਸੀ ਬੰਦੂਕ, ਭਾਰੀ ਮਾਤਰਾ ’ਚ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਐੱਸ.ਟੀ.ਐੱਫ. ਮੁਤਾਬਕ ਆਸਿਫ ਆਪਣੇ ਗਿਰੋਹ ਦੇ ਨਾਲ ਘਰਾਂ ’ਚ ਵੜ ਕੇ ਪਰਿਵਾਰਾਂ ਨੂੰ ਬੰਧਕ ਬਣਾਉਂਦਾ ਸੀ ਅਤੇ ਡਕੈਤੀ ਦੌਰਾਨ ਵਿਰੋਧ ਕਰਨ ਵਾਲਿਆਂ ਦਾ ਕਤਲ ਕਰ ਦਿੰਦਾ ਸੀ। ਉਸ ਖ਼ਿਲਾਫ਼ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ’ਚ ਕਤਲ, ਡਕੈਤੀ ਅਤੇ ਲੁੱਟ ਸਮੇਤ 21 ਤੋਂ ਵੱਧ ਮੁਕੱਦਮੇ ਦਰਜ ਹਨ। 23 ਅਪ੍ਰੈਲ 2014 ਦੀ ਰਾਤ ਜੌਨਪੁਰ ਦੇ ਸ਼ਾਹਗੰਜ ਖੇਤਰ ’ਚ ਦਵਾਈ ਕਾਰੋਬਾਰੀ ਧੀਰਜ ਸਿੰਘ ਦੇ ਘਰ ਡਕੈਤੀ ਦੌਰਾਨ ਬਦਮਾਸ਼ਾਂ ਨੇ ਪਰਿਵਾਰ ਦੇ 5 ਲੋਕਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਇਸ ਹਮਲੇ ’ਚ ਉਨ੍ਹਾਂ ਦੀ ਪਤਨੀ ਸੁਮਨ ਸਿੰਘ ਅਤੇ ਧੀ ਸਵਾਤੀ ਸਿੰਘ ਦੀ ਮੌਤ ਹੋ ਗਈ ਸੀ, ਜਦੋਂ ਕਿ 3 ਹੋਰ ਮੈਂਬਰ ਗੰਭੀਰ ਜ਼ਖਮੀ ਹੋ ਗਏ ਸਨ। ਵਾਰਦਾਤ ਤੋਂ ਬਾਅਦ ਬਦਮਾਸ਼ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਪੁਲਸ ਅਨੁਸਾਰ ਆਸਿਫ ਸਾਲ 2013 ਦੇ ਸੁਲਤਾਨਪੁਰ ਹੱਤਿਆਕਾਂਡ, 2015 ਦੇ ਕੌਸ਼ਾਂਬੀ ਹੱਤਿਆਕਾਂਡ, ਮੁਜ਼ੱਫਰਨਗਰ ਦੀਆਂ ਸਿਲਸਿਲੇਵਾਰ ਡਕੈਤੀਆਂ ਤੇ 2021 ਦੇ ਕਾਨਪੁਰ ਹੱਤਿਆ ਮਾਮਲੇ ਸਮੇਤ ਕਈ ਚਰਚਿਤ ਮਾਮਲਿਆਂ ’ਚ ਵੀ ਲੋੜੀਂਦਾ ਸੀ। ਪੁਲਸ ਦਾ ਕਹਿਣਾ ਹੈ ਕਿ ਉਸ ਦੇ ਮਾਰੇ ਜਾਣ ਨਾਲ ਸੂਬੇ ਦੇ ਕਈ ਸੰਗੀਨ ਮਾਮਲਿਆਂ ਦੇ ਇਕ ਵੱਡੇ ਦੋਸ਼ੀ ਦਾ ਅੰਤ ਹੋ ਗਿਆ ਹੈ।

