Ceasefire with Iran ‘over’, no deal! President Trump’s big announcement
ਈਰਾਨ ਨਾਲ ਜੰਗਬੰਦੀ ‘ਖ਼ਤਮ’, ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ
ਅੰਕਾਰਾ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਈਰਾਨ ਨਾਲ ਚੱਲ ਰਹੇ ਸੀਜ਼ਫਾਇਰ (ਜੰਗਬੰਦੀ) ਸਮਝੌਤੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਅੰਕਾਰਾ ਵਿੱਚ ਨਾਟੋ (NATO) ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਲਈ ਹੁਣ ਇਹ ਸਮਝੌਤਾ ਖ਼ਤਮ ਹੋ ਚੁੱਕਾ ਹੈ ਅਤੇ ਉਹ ਹੁਣ ਈਰਾਨ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ। ਰਾਸ਼ਟਰਪਤੀ ਟਰੰਪ ਨੇ ਈਰਾਨੀ ਨੇਤਾਵਾਂ ਪ੍ਰਤੀ ਬੇਹੱਦ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ “ਝੂਠੇ, ਧੋਖੇਬਾਜ਼ ਅਤੇ ਬੀਮਾਰ ਲੋਕ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨੀ ਲੀਡਰਸ਼ਿਪ ਹਿੰਸਕ ਹੈ ਅਤੇ ਜੇਕਰ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਹੁੰਦੇ, ਤਾਂ ਉਹ ਯਕੀਨੀ ਤੌਰ ‘ਤੇ ਉਨ੍ਹਾਂ ਦੀ ਵਰਤੋਂ ਕਰ ਲੈਂਦੇ। ਟਰੰਪ ਨੇ ਈਰਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ “ਸਮੇਂ ਦੀ ਬਰਬਾਦੀ” ਦੱਸਿਆ ਹੈ। ਰਾਸ਼ਟਰਪਤੀ ਟਰੰਪ ਨੇ ਇਕ ਵੱਡਾ ਖੁਲਾਸਾ ਕਰਦਿਆਂ ਈਰਾਨੀ ਸਰਕਾਰ ‘ਤੇ ਆਪਣੇ ਹੀ ਨਾਗਰਿਕਾਂ ‘ਤੇ ਜ਼ੁਲਮ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ ਈਰਾਨ ਵਿੱਚ ਪ੍ਰਦਰਸ਼ਨ ਕਰ ਰਹੇ ਲਗਭਗ 54,000 ਲੋਕਾਂ ਨੂੰ ਮਾਰ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਪ੍ਰੈੱਸ ਇਨ੍ਹਾਂ ਮੌਤਾਂ ਦੀ ਰਿਪੋਰਟ ਨਹੀਂ ਕਰ ਰਹੀ, ਪਰ ਈਰਾਨੀ ਸ਼ਾਸਨ ਮਸ਼ੀਨ ਗਨਾਂ ਨਾਲ ਨਿਹੱਥੇ ਲੋਕਾਂ ਦਾ ਕਤਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਦਾ ਇਹ ਬਿਆਨ ਅਮਰੀਕਾ ਵੱਲੋਂ ਈਰਾਨ ਦੇ 80 ਤੋਂ ਵੱਧ ਟਿਕਾਣਿਆਂ ‘ਤੇ ਕੀਤੇ ਗਏ ਤਾਜ਼ਾ ਫੌਜੀ ਹਮਲਿਆਂ ਤੋਂ ਕੁਝ ਘੰਟੇ ਬਾਅਦ ਆਇਆ ਹੈ। ਵਾਸ਼ਿੰਗਟਨ ਅਨੁਸਾਰ ਇਹ ਹਮਲੇ ‘ਸਟ੍ਰੇਟ ਆਫ ਹੋਰਮੁਜ਼’ ਵਿੱਚ ਵਪਾਰਕ ਜਹਾਜ਼ਾਂ ‘ਤੇ ਈਰਾਨੀ ਹਮਲਿਆਂ ਦੇ ਜਵਾਬ ਵਿੱਚ ਕੀਤੇ ਗਏ ਸਨ। ਟਰੰਪ ਮੁਤਾਬਕ ਜੇਕਰ ਉਨ੍ਹਾਂ ਦੇ ਸ਼ਾਨਦਾਰ ਵਾਰਤਾਕਾਰ ਈਰਾਨ ਨਾਲ ਵਾਰਤਾ ਕਰਦੇ ਰਹਿਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ, ਪਰ ਮੈਨੂੰ ਕੋਈ ਉਮੀਦ ਦਿਖਾਈ ਨਹੀਂ ਦਿੰਦੀ। ਹਾਲਾਂਕਿ ਜੇਰੇਡ ਕੁਸ਼ਨਰ ਵਰਗੇ ਅਮਰੀਕੀ ਵਾਰਤਾਕਾਰ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਨ ਪਰ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਅਤੇ ਸਮਝੌਤੇ ਦਾ ਕੋਈ ਭਵਿੱਖ ਨਹੀਂ ਦੇਖਦੇ।

