Bahrain-Kuwait attacked! Iran also launched missiles after US airstrike
ਬਹਿਰੀਨ-ਕੁਵੈਤ ‘ਤੇ ਹੋ ਗਿਆ ਹਮਲਾ ! ਅਮਰੀਕੀ ਏਅਰਸਟ੍ਰਾਈਕ ਮਗਰੋਂ ਇਰਾਨ ਨੇ ਵੀ ਛੱਡੀਆਂ ਮਿਜ਼ਾਈਲਾਂ
Tehran, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ਦੀ ਜੰਗ, ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਰੁਕੀ ਹੋਈ ਸੀ, ਦੇ ਦੁਬਾਰਾ ਸ਼ੁਰੂ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬੁੱਧਵਾਰ ਤੜਕੇ ਅਮਰੀਕਾ ਵੱਲੋਂ ਇਰਾਨ ਦੇ ਕਈ ਟਿਕਾਣਿਆਂ ‘ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਅਮਰੀਕਾ ਵੱਲੋਂ ਇਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲੇ ਲਾਈਸੈਂਸ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੰਦਿਆਂ ਇਰਾਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਬਹਿਰੀਨ ਅਤੇ ਕੁਵੈਤ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰ ਦਿੱਤੇ ਹਨ। ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਆਨ ਦਿੱਤਾ ਹੈ ਕਿ ਇਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਹੁਣ ਖ਼ਤਮ ਹੋ ਚੁੱਕਾ ਹੈ। ਟਰੰਪ ਦੇ ਇਸ ਬਿਆਨ ਨੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਤੜਥੱਲੀ ਮਚਾ ਦਿੱਤੀ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ 5 ਫ਼ੀਸਦੀ ਦੇ ਉਛਾਲ ਨਾਲ ਇਹ ਇਕ ਵਾਰ ਫ਼ਿਰ ਤੋਂ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ ਹਨ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਬਹਿਰੀਨ, ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਹੈ ਅਤੇ ਕੁਵੈਤ, ਜਿੱਥੇ ਅਮਰੀਕੀ ਫ਼ੌਜ ਤਾਇਨਾਤ ਹੈ, ਵਿਖੇ ਮਿਜ਼ਾਈਲ ਅਲਰਟ ਦੇ ਵਿਚਕਾਰ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਨਾਲ ਹੋਏ ਅੰਤਰਿਮ ਸਮਝੌਤੇ ਤਹਿਤ ਇਰਾਨ ਨੂੰ ਸਾਲਾਂ ਬਾਅਦ ਅਮਰੀਕੀ ਡਾਲਰਾਂ ‘ਚ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਸੀ, ਜਿਸ ਨੂੰ ਅਮਰੀਕਾ ਨੇ ਹੁਣ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਓਮਾਨ ਦੇ ਤੱਟ ਨੇੜੇ ਕਤਰ ਦੀ ਕੁਦਰਤੀ ਗੈਸ ਲੈ ਕੇ ਜਾ ਰਹੇ ਇੱਕ ਤੇਲ ਟੈਂਕਰ ਸਮੇਤ 3 ਜਹਾਜ਼ਾਂ ‘ਤੇ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਕਤਰ ਨੇ ਇਰਾਨ ਸਿਰ ਮੜ੍ਹੀ ਹੈ। ਇਰਾਨ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਆਪਣਾ ਕੰਟਰੋਲ ਅਤੇ ਫੀਸ ਵਸੂਲਣਾ ਚਾਹੁੰਦਾ ਹੈ, ਜਿਸ ਦਾ ਅਮਰੀਕਾ ਅਤੇ ਖਾੜੀ ਦੇਸ਼ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨਈ ਦੀ ਕਈ ਦਿਨਾਂ ਤੋਂ ਚੱਲ ਰਹੀ ਅੰਤਿਮ ਯਾਤਰਾ ਦਾ ਆਖਰੀ ਸਮਾਂ ਹੈ। ਖ਼ਾਮੇਨਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੋਜਤਬਾ ਖ਼ਾਮੇਨਈ ਅਜੇ ਤੱਕ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਏ ਹਨ, ਕਿਉਂਕਿ ਉਹ ਆਪਣੇ ਪਿਤਾ ਦੀ ਮੌਤ ਵਾਲੇ ਹਵਾਈ ਹਮਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਅੰਡਰਗ੍ਰਾਊਂਡ ਦੱਸੇ ਜਾ ਰਹੇ ਹਨ। ਖ਼ਾਮੇਨਈ ਦੀ ਮ੍ਰਿਤਕ ਦੇਹ ਨੂੰ ਵੀਰਵਾਰ ਨੂੰ ਇਰਾਨ ਦੇ ਮਸ਼ਹਦ ਸ਼ਹਿਰ ਵਿੱਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

