Many buildings in Pune and Delhi collapsed due to rain, more than 16 people were buried
ਮੀਂਹ ਕਾਰਨ ਢਹਿ-ਢੇਰੀ ਹੋਈਆਂ ਪੁਣੇ ਤੇ ਦਿੱਲੀ ਦੀਆਂ ਕਈ ਇਮਾਰਤਾਂ, 16 ਤੋਂ ਵੱਧ ਲੋਕ ਦੱਬੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੇਸ਼ ਦੇ ਕਈ ਹਿੱਸਿਆਂ ’ਚ ਬੁੱਧਵਾਰ ਨੂੰ ਮਾਨਸੂਨ ਦਾ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਇਸ ਨਾਲ ਰੇਲ ਤੇ ਸੜਕੀ ਆਵਾਜਾਈ ’ਚ ਭਾਰੀ ਵਿਘਨ ਪਿਆ। ਦਿੱਲੀ ਤੇ ਮੁੰਬਈ ਦੇ ਕਈ ਹਿੱਸਿਆਂ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਣੇ ਨੇੜੇ ਪਿੰਪਰੀ ਚਿੰਚਵਾੜ ’ਚ ਭਾਰੀ ਮੀਂਹ ਤੋਂ ਬਾਅਦ ਕੂੜੇ ਦਾ ਇਕ ਵੱਡਾ ‘ਪਹਾੜ’ ਤਿੰਨ ਮੰਜ਼ਿਲਾ ਇਮਾਰਤ ‘ਤੇ ਡਿੱਗ ਗਿਆ, ਜਿਸ ਕਾਰਨ ਇਮਾਰਤ ਡਿੱਗ ਗਈ। ਘੱਟੋ-ਘੱਟ 16 ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਦਿੱਲੀ ਦੇ ਰੋਹਿਣੀ ’ਚ ਇਕ ਉਸਾਰੀ ਅਧੀਨ ਇਮਾਰਤ ਡਿੱਗ ਪਈ। ਪੁਣੇ ਦੇ ਖੰਡਾਲਾ ’ਚ ਜ਼ਮੀਨ ਖਿਸਕਣ ਨਾਲ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਰਾਤ ਤਕ ਲਾਪਤਾ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲਮ, ਮਹਾਰਾਸ਼ਟਰ, ਗੁਜਰਾਤ ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀਆਂ ਨਾਲ ਫ਼ੋਨ ’ਤੇ ਗੱਲਬਾਤ ਕਰ ਕੇ ਭਾਰੀ ਮੀਂਹ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੰਬਈ ’ਚ ਬੁੱਧਵਾਰ ਸਵੇਰੇ ਭਾਰੀ ਮੀਂਹ ਕੁਝ ਸਮੇਂ ਲਈ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ, ਜਿਸ ਕਾਰਨ ਉਪ-ਨਗਰੀ ਰੇਲ ਸੇਵਾਵਾਂ ’ਚ ਵਿਘਨ ਪਿਆ ਤੇ ਦਫ਼ਤਰਾਂ ’ਚ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋਈ। ਦਿੱਲੀ ’ਚ ਕਈ ਨੀਵੇਂ ਹਿੱਸਿਆਂ ’ਚ ਪਾਣੀ ਭਰ ਗਿਆ ਜਿਸ ਨਾਲ ਆਵਾਜਾਈ ਠੱਪ ਹੋ ਗਈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਲਗਾਤਾਰ ਮੀਂਹ ਕਾਰਨ ਗੋਦਾਵਰੀ ਨਦੀ ’ਚ ਪਾਣੀ ਦਾ ਪੱਧਰ ਵੱਧ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਗੋਦਾਵਰੀ, ਕਡਵਾ ਤੇ ਗਿਰਨਾ ਨਦੀਆਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਮੀਂਹ ਜਾਰੀ ਰਿਹਾ, ਜਿਸ ਕਾਰਨ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਸਬ-ਡਿਵੀਜ਼ਨ ਦੇ ਕੁਝ ਹਿੱਸਿਆਂ ’ਚ ਅਚਾਨਕ ਹੜ੍ਹਾਂ ਨੇ ਸੜਕ ਸੰਪਰਕ ਵਿਗਾੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਪਾਣੀ ਦੇ ਪੱਧਰ ਦੇ ਵਧਣ ਕਾਰਨ ਗਨਵੀ ਖਾੜ ਨਾਲੇ ’ਤੇ ਬਣਿਆ ਇਕ ਆਰਜ਼ੀ ਪੁਲ ਨੁਕਸਾਨਿਆ ਗਿਆ, ਜਿਸ ਕਾਰਨ ਕਾਯੋ ਅਤੇ ਕੁਟ ਪੰਚਾਇਤਾਂ ਨੂੰ ਜੋੜਨ ਵਾਲੀ ਸੜਕ ਬੰਦ ਹੋ ਗਈ। ਇਸ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ। ਸੋਸ਼ਲ ਮੀਡੀਆ ’ਤੇ ਵਾਇਰਲ ਹੇ ਰਹੇ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਨਾਲੇ ਦੇ ਦੋਵੇਂ ਪਾਸੇ ਫਸੇ ਰਾਹਗੀਰ ਅਤੇ ਸਥਾਨਕ ਲੋਕ ਪੱਥਰ ਹਟਾ ਕੇ ਸੜਕ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

