Amritsar: Financial scam worth crores in Education Department; 3 clerks including Block Education Officer suspended
ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਜ਼ਿਲਾ ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ’ਚ ਸਾਹਮਣੇ ਆਏ ਕਰੋੜਾਂ ਦੇ ਕਥਿਤ ਵਿੱਤੀ ਘਪਲੇ ਨੇ ਹੁਣ ਵੱਡਾ ਰੂਪ ਧਾਰ ਲਿਆ ਹੈ। ਖ਼ਜ਼ਾਨਾ ਵਿਭਾਗ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੇ ਆਧਾਰ ’ਤੇ ਤਿਆਰ ਕੀਤੀ ਗਈ ਲਗਭਗ 200 ਪੇਜਾਂ ਦੀ ਵਿਸਥਾਰਪੂਰਵਕ ਰਿਪੋਰਟ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਤੋਂ ਬਾਅਦ ਵਿਭਾਗ ਨੇ ਤੁਰੰਤ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ’ਚ ਬਲਾਕ ਸਿੱਖਿਆ ਦਫ਼ਤਰ ਮਜੀਠਾ-1, ਮਜੀਠਾ-2 ਅਤੇ ਅੰਮ੍ਰਿਤਸਰ-3 ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਆ ਗਈ ਹੈ। ਵਿਭਾਗ ਵੱਲੋਂ ਮਿਲੇ ਹੁਕਮਾਂ ਦੇ ਤਹਿਤ ਬਲਾਕ ਸਿੱਖਿਆ ਅਧਿਕਾਰੀ ਸਮੇਤ ਸਬੰਧਤ 3 ਕਲਰਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਦਾ ਹੈੱਡਕੁਆਰਟਰ ਮਾਨਸਾ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਜਾਂਚ ’ਤੇ ਕੋਈ ਅਸਰ ਨਾ ਪਏ। ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕੰਵਲਜੀਤ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਲਈ ਪੁਲਸ ਕਮਿਸ਼ਨਰ ਨੂੰ ਸਿਫਾਰਿਸ਼ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਨੂੰ ਤੇਜ਼ੀ ਨਾਲ ਅਮਲ ’ਚ ਲਿਆਂਦਾ ਜਾ ਰਿਹਾ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਸੂਤਰਾਂ ਅਨੁਸਾਰ ਖ਼ਜ਼ਾਨਾ ਵਿਭਾਗ ਦੀ ਰਿਪੋਰਟ ’ਚ ਵਿੱਤੀ ਲੈਣ-ਦੇਣ ’ਚ ਵੱਡੇ ਪੱਧਰ ’ਤੇ ਬੇਤਰਤੀਬੀਆਂ, ਨਿਯਮਾਂ ਦੀ ਉਲੰਘਣਾ ਅਤੇ ਰਿਕਾਰਡਾਂ ’ਚ ਗੜਬੜਾਂ ਦਰਜ ਕੀਤੀਆਂ ਗਈਆਂ ਹਨ। ਰਿਪੋਰਟ ਦੇ ਆਧਾਰ ’ਤੇ ਹੀ ਸਿੱਖਿਆ ਵਿਭਾਗ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਘੋਖ ਕੀਤੀ ਜਾ ਰਹੀ ਹੈ। ਡਾਇਰੈਕਟਰ (ਐਲੀਮੈਂਟਰੀ), ਪੰਜਾਬ ਵੱਲੋਂ ਜਾਰੀ ਪੱਤਰ ਦੇ ਆਧਾਰ ’ਤੇ ਪਹਿਲਾਂ ਹੀ ਚਾਰ ਮੈਂਬਰੀ ਜਾਂਚ ਟੀਮ ਗਠਿਤ ਕੀਤੀ ਜਾ ਚੁੱਕੀ ਹੈ, ਜਿਸ ਨੂੰ ਮੈਦਾਨੀ ਪੱਧਰ ’ਤੇ ਜਾਂਚ ਕਰ ਕੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਦੇ ਹੁਕਮ ਹਨ। ਹੁਣ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੀ ਗਤੀ ਹੋਰ ਤੇਜ਼ ਕਰ ਦਿੱਤੀ ਗਈ ਹੈ। ਡੀ. ਈ. ਓ. ਕਵਲਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਵਿਭਾਗ ’ਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਦੀ ਤਫ਼ਤੀਸ਼ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਇਸ ਵੱਡੀ ਕਾਰਵਾਈ ਤੋਂ ਬਾਅਦ ਸਿੱਖਿਆ ਵਿਭਾਗ ਦੇ ਅੰਦਰ ਹੜਕੰਪ ਮਚ ਗਿਆ ਹੈ। ਕਈ ਹੋਰ ਕਰਮਚਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਆ ਸਕਦੀ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਜੇ ਸ਼ੁਰੂਆਤੀ ਪੜਾਅ ’ਚ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਜਾਂਚ ਪੂਰੀ ਹੋਣ ’ਤੇ ਕਈ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਵੀ ਗਾਜ਼ ਡਿੱਗ ਸਕਦੀ ਹੈ। ਇਸ ਮਹਾਘਪਲੇ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਭਾਗ ਦੀ ਚਿੱਠੀ ਅਤੇ ਮੁੱਢਲੀ ਖ਼ਜ਼ਾਨਾ ਵਿਭਾਗ ਵੱਲੋਂ ਕੀਤੀ ਗਈ ਜਾਂਚ ਤੋਂ ਸਾਬਤ ਹੋ ਰਿਹਾ ਹੈ ਕਿ ਵਿਭਾਗ ਦੇ ਉੱਚ ਅਧਿਕਾਰੀ ਅਣਜਾਣ ਰਹੇ ਅਤੇ ਇਸ ਵੱਡੇ ਪੱਧਰ ’ਤੇ ਹੋ ਰਹੇ ਘਪਲੇ ਸਬੰਧੀ ਉਨ੍ਹਾਂ ਨੂੰ ਘੋਖ ਨਹੀਂ ਲੱਗੀ। ਜੇਕਰ ਆਡਿਟ ਨਾ ਹੁੰਦਾ ਤਾਂ ਇਹ ਘਪਲਾ ਕਦੇ ਵੀ ਫੜਿਆ ਨਹੀਂ ਜਾਣਾ ਸੀ। ਫਿਲਹਾਲ ਇਸ ਘਪਲੇ ਦੇ ਤਾਰ ਕਿਸ-ਕਿਸ ਦੇ ਨਾਲ ਜੁੜੇ ਹੋਏ ਹਨ, ਇਹ ਇੱਕ ਵੱਡਾ ਸਵਾਲ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਘਪਲੇ ’ਚ ਹੋਰ ਵੀ ਕਈ ਵੱਡੇ ਉੱਚ ਅਧਿਕਾਰੀ ਫਸ ਸਕਦੇ ਹਨ। ਉਪਰੋਕਤ ਘਪਲੇ ’ਚ ਫਸੇ ਬਲਾਕ ਸਿੱਖਿਆ ਅਫ਼ਸਰ ਪਹਿਲਾਂ ਵੀ ਚਰਚਾ ’ਚ ਰਹਿ ਚੁੱਕੇ ਹਨ। ਪਹਿਲਾਂ ਵੀ ਵਿਭਾਗ ਵੱਲੋਂ ਉਨ੍ਹਾਂ ’ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਗਏ ਹਨ, ਜੋ ਕਿ ਬਾਅਦ ’ਚ ਭਾਵੇਂ ਉਨ੍ਹਾਂ ਦੇ ਹੱਕ ’ਚ ਹੋ ਗਏ ਹਨ। ਉਸ ਸਮੇਂ ਵੀ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗੇ ਸਨ। ਵਿਭਾਗ ਵੱਲੋਂ ਵਾਰ-ਵਾਰ ਇੱਕ ਹੀ ਅਧਿਕਾਰੀ ’ਤੇ ਅਜਿਹੇ ਦੋਸ਼ ਲਗਾਉਣੇ ਅਤੇ ਬਾਅਦ ’ਚ ਅਧਿਕਾਰੀ ਨੂੰ ਚੰਗੀ ਪੋਸਟ ’ਤੇ ਲਗਾ ਦੇਣਾ ਵਿਭਾਗ ਦੀ ਆਪਣੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ।

