Major encounter in Punjab, heavy gunfire between police and accused
ਪੰਜਾਬ ‘ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਪੁਲਸ ਨੇ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮੁਹੱਲਾ ‘ਚ ਇਕ ਘਰ ‘ਤੇ ਗੋਲੀਬਾਰੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਸਿਰਫ਼ 36 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਰੂਪੀ ਵਜੋਂ ਹੋਈ ਹੈ, ਜੋ ਕਿ ਜੋਤੀਸਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇਕ ਸੂਚਨਾ ‘ਤੇ ਕਾਰਵਾਈ ਕਰਦਿਆਂ ਜੰਡਿਆਲਾ ਗੁਰੂ ਪੁਲਸ ਨੇ ਜਾਨੀਆ ਮੋੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੇ ਮੋਟਰਸਾਈਕਲ ‘ਤੇ ਆਏ ਦੋਸ਼ੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਆਪਣੀ ਸੁਰੱਖਿਆ ਲਈ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਦੋਸ਼ੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਰੂਪੀ ਕੋਲੋਂ ਇੱਕ .30 ਬੋਰ ਦਾ ਪਿਸਤੌਲ, ਮੈਗਜ਼ੀਨ, ਤਿੰਨ ਜ਼ਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ। ਅਧਿਕਾਰੀਆਂ ਅਨੁਸਾਰ, ਮੁਲਜ਼ਮ ਵਿਰੁੱਧ ਪਹਿਲਾਂ ਨੌਂ ਅਪਰਾਧਿਕ ਮਾਮਲੇ ਦਰਜ ਹਨ, ਅਤੇ ਉਸਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

