NIA files chargesheet against 6 separatist leaders in 1996 Srinagar violence
NIA ਨੇ 1996 ਦੀ ਸ਼੍ਰੀਨਗਰ ਹਿੰਸਾ ‘ਚ 6 ਵੱਖਵਾਦੀ ਆਗੂਆਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ‘ਚ 1996 ‘ਚ ਹੋਈ ਭੀੜ ਹਿੰਸਾ ਅਤੇ ਪੁਲਸ ਕਰਮਚਾਰੀਆਂ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਸ਼ਬੀਰ ਅਹਿਮਦ ਸਮੇਤ ਹੁਰੀਅਤ ਕਾਨਫਰੰਸ ਦੇ 6 ਵੱਖਵਾਦੀ ਆਗੂਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ। ਜਾਂਚ ਏਜੰਸੀ ਦੇ ਇਕ ਬਿਆਨ ਅਨੁਸਾਰ, ਜੰਮੂ ਦੀ ਇਕ ਵਿਸ਼ੇਸ਼ ਐੱਨਆਈਏ ਅਦਾਲਤ ‘ਚ ਦਾਇਰ ਚਾਰਜਸ਼ੀਟ ‘ਚ ਸ਼ਾਹ ਤੋਂ ਇਲਾਵਾ ਸਈਦ ਅਲੀ ਸ਼ਾਹ ਗਿਲਾਨੀ, ਅਬਦੁਲ ਗਨੀ ਲੋਨ, ਮੁਹੰਮਦ ਯਾਕੂਬ ਵਕੀਲ, ਜਾਵੇਦ ਅਹਿਮਦ ਮੀਰ ਅਤੇ ਸ਼ਕੀਲ ਅਹਿਮਦ ਬਖਸ਼ੀ ਵੀ ਸ਼ਾਮਲ ਹਨ। ਇਸ ‘ਚ ਕਿਹਾ ਗਿਆ ਹੈ ਕਿ ਸਾਰੇ 6 ਵਿਅਕਤੀਆਂ ‘ਤੇ ਅਪਰਾਧਿਕ ਸਾਜ਼ਿਸ਼, ਕਤਲ ਦੀ ਕੋਸ਼ਿਸ਼, ਦੰਗਾ ਕਰਨ ਅਤੇ ਸਰਕਾਰੀ ਕਰਮਚਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਗਿਲਾਨੀ, ਲੋਨ ਅਤੇ ਵਕੀਲ ਖ਼ਿਲਾਫ਼ ਦੋਸ਼ ਹਟਾ ਦਿੱਤੇ ਗਏ ਹਨ ਕਿਉਂਕਿ ਉਨ੍ਹਾਂ ਦੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ। ਜਾਂਚ ਦੌਰਾਨ, ਐੱਨਆਈਏ ਨੇ ਪਾਇਆ ਕਿ 17 ਜੁਲਾਈ 1996 ਨੂੰ ਸ਼੍ਰੀਨਗਰ ‘ਚ ਮਾਰੇ ਗਏ ਅੱਤਵਾਦੀ ਹਿਲਾਲ ਅਹਿਮਦ ਬੇਗ ਦੇ ਅੰਤਿਮ ਸੰਸਕਾਰ ਦੌਰਾਨ ਸਾਰੇ 6 ਮੁਲਜ਼ਮਾਂ ਨੇ ਇਕ ਗੈਰ-ਕਾਨੂੰਨੀ ਭੀੜ ਦੀ ਅਗਵਾਈ ਕੀਤੀ ਸੀ ਅਤੇ ਪੁਲਸ ਕਰਮਚਾਰੀਆਂ ਖ਼ਿਲਾਫ਼ ਵਿਆਪਕ ਹਿੰਸਾ ਭੜਕਾਈ ਸੀ। ਜਾਂਚ ਦੇ ਅਨੁਸਾਰ, ਹਥਿਆਰਬੰਦ ਅੱਤਵਾਦੀ ਉਸ ਭੀੜ ‘ਚ ਸ਼ਾਮਲ ਹੋ ਗਏ, ਜਿਸ ਦੀ ਅਗਵਾਈ ਦੋਸ਼ੀ ਹੁਰੀਅਤ ਨੇਤਾਕਰ ਰਹੇ ਸਨ। ਹਿੰਸਾ ਦੌਰਾਨ ਉਨ੍ਹਾਂ ਨੇ ਪੁਲਸ ਕਰਮਚਾਰੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ‘ਚ ਕਈ ਅਧਿਕਾਰੀ ਜ਼ਖਮੀ ਹੋ ਗਏ। ਪੱਥਰਬਾਜ਼ੀ ਨੇ ਸਰਕਾਰੀ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਐੱਨਆਈਏ ਦੀ ਜਾਂਚ ਦੇ ਅਨੁਸਾਰ, ਦੋਸ਼ੀ ਹੁਰੀਅਤ ਨੇਤਾਵਾਂ ਨੇ ਭਾਰਤ ਵਿਰੋਧੀ, ਪਾਕਿਸਤਾਨ ਪੱਖੀ ਅਤੇ ਵੱਖਵਾਦੀ ਨਾਅਰੇ ਲਗਾ ਕੇ ਹਿੰਸਾ ਨੂੰ ਸਰਗਰਮੀ ਨਾਲ ਭੜਕਾਇਆ। ਹਿੰਸਾ ਵਾਲੇ ਦਿਨ ਸ਼੍ਰੀਨਗਰ ਦੇ ਸ਼ੇਰਗੜ੍ਹੀ ਪੁਲਸ ਸਟੇਸ਼ਨ ‘ਚ ਇਕ ਸ਼ੁਰੂਆਤੀ ਐੱਫਆਈਆਰ ਦਰਜ ਕੀਤੀ ਗਈ ਸੀ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਅਪ੍ਰੈਲ 2026 ‘ਚ ਐੱਨਆਈਏ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ‘ਚ ਲੈ ਲਈ।

