Raja Warring spoke on the Punjab Congress conflict, everyone can be together on the same platform in the next two days
ਪੰਜਾਬ ਕਾਂਗਰਸ ਦੇ ਕਲੇਸ਼ ‘ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ ‘ਚ ਸਾਰੇ ਇਕੋ ਮੰਚ ‘ਤੇ ਹੋ ਸਕਦੇ ਨੇ ਇਕੱਠੇ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਏ. ਆਈ. ਸੀ. ਸੀ. ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਣ ਵਾਲੀ ਮੀਟਿੰਗ ‘ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਭੂਪੇਸ਼ ਬਘੇਲ ਨੇ ਦੱਸਿਆ ਹੈ ਕਿ ਕੱਲ੍ਹ ਇਕ ਮੀਟਿੰਗ ਤੈਅ ਕੀਤੀ ਗਈ ਹੈ, ਹਾਲਾਂਕਿ ਮੈਨੂੰ ਜਗ੍ਹਾ ਅਤੇ ਇੰਤਜ਼ਾਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਜਾ ਵੜਿੰਗ ਨੇ ਕਿਹਾ ਕਿ ਭੂਪੇਸ਼ ਬਘੇਲ ਪਹਿਲਾਂ ਚਰਨਜੀਤ ਸਿੰਘ ਚੰਨੀ ਨਾਲ ਇਕੱਲੇ ‘ਚ ਗੱਲਬਾਤ ਕਰਨਗੇ ਅਤੇ ਫਿਰ ਉਸ ਦੇ ਬਾਅਦ ਅਸੀਂ ਸਾਰੇ ਚਰਚਾ ਲਈ ਬੈਠਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੇ ਦੋ ਦਿਨਾਂ ‘ਚ ਤੁਸੀਂ ਸਾਰਿਆਂ ਨੂੰ ਇਕੋ ਮੰਚ ‘ਤੇ ਵੇਖੋਗੇ। ਉਨ੍ਹਾਂ ਕਿਹਾ ਕਿ ਇਕ ਵੀ ਅਜਿਹਾ ਸੀਨੀਅਰ ਨੇਤਾ ਨਹੀਂ ਹੈ, ਜਿਸ ਨੇ ਇਹ ਕਿਹਾ ਹੋਵੇ ਕਿ ਉਹ ਮੈਨੂੰ ਪ੍ਰਧਾਨ ਵਜੋਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਦੇ ਟਾਲ-ਮਟੋਲ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭੁਪੇਸ਼ ਬਘੇਲ ਅੱਗੇ ਆਤਮ ਸਮਰਪਣ ਕਰਨ ਤੋਂ ਇਨਕਾਰ ਕੀਤਾ ਹੈ। ਬਘੇਲ ਚਾਰ ਦਿਨਾਂ ਤੋਂ ਚੰਡੀਗੜ੍ਹ ‘ਚ ਹਨ ਪਰ ਚੰਨੀ ਉਨ੍ਹਾਂ ਨੂੰ ਮਿਲਣ ਨਹੀਂ ਆਏ। ਬਘੇਲ ਦਾ ਪੰਜ ਦਿਨਾਂ ਦਾ ਦੌਰਾ ਜੋ ਅੱਜ ਖ਼ਤਮ ਹੋਣਾ ਸੀ, ਜਿਸ ਨੂੰ ਤਿੰਨ ਦਿਨ ਹੋਰ ਵਧਾਇਆ ਜਾ ਸਕਦਾ ਹੈ। ਬਘੇਲ ਹਾਈਕਮਾਨ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵਰਗੇ ਨੌਨ ਐਕਟਿਵ ਆਗੂਆਂ ਦੇ ਘਰਾਂ ਦਾ ਵੀ ਦੌਰਾ ਕਰ ਰਿਹਾ ਹੈ। ਇਸ ਦੌਰਾਨ ਚੰਨੀ ਧੜੇ ਨੇ ਬਘੇਲ ਨਾਲ ਮੁਲਾਕਾਤ ਤੋਂ ਪਹਿਲਾਂ ਦੋ ਸ਼ਰਤਾਂ ਰੱਖੀਆਂ ਹਨ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਿਰਫ਼ ਦੋ ਆਗੂ ਹੀ ਮਿਲਣਗੇ ਪਰ ਇਹ ਮੀਟਿੰਗ ਨਾ ਤਾਂ ਕਾਂਗਰਸ ਭਵਨ ‘ਚ ਹੋਵੇਗੀ ਅਤੇ ਨਾ ਹੀ ਵੜਿੰਗ ਮੌਜੂਦ ਹੋਣਗੇ। ਇਨ੍ਹਾਂ ਵਿੱਚੋਂ ਇਕ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਹੋ ਸਕਦੇ ਹਨ। ਹਾਲਾਂਕਿ ਬਘੇਲ ਨੂੰ ਉਮੀਦ ਹੈ ਕਿ ਚਰਨਜੀਤ ਚੰਨੀ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਮਿਲ ਸਕਦੇ ਹਨ ਜਾਂ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਬੁਲਾ ਸਕਦੇ ਹਨ ਪਰ ਚੰਨੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਦਿੱਲੀ ‘ਚ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ ਹਨ ਤਾਂ ਜੋ ਜੇਕਰ ਉਨ੍ਹਾਂ ਨੂੰ ਚੋਣਾਂ ‘ਚ ਵੱਡੀ ਭੂਮਿਕਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਇਸ ਨੂੰ ਸਿੱਧੇ ਰਾਹੁਲ ਗਾਂਧੀ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ, ਨਾ ਕਿ ਬਘੇਲ ਦੁਆਰਾ। ਤਦ ਹੀ ਉਹ ਕੋਈ ਵੱਡਾ ਫ਼ੈਸਲਾ ਲੈਣਗੇ।

