Daughter gets mother murdered for government job and property, planned with uncle and brother
ਸਰਕਾਰੀ ਨੌਕਰੀ ਤੇ ਜਾਇਦਾਦ ਲਈ ਧੀ ਨੇ ਕਰਵਾਇਆ ਮਾਂ ਦਾ ਕਤਲ, ਤਾਏ ਤੇ ਭਰਾ ਨਾਲ ਮਿਲ ਕੀਤੀ ਪਲਾਨਿੰਗ
ਜੈਪੁਰ (ਆਵਾਜ਼ਿ ਕੌਮ ਬਿਊਰੋ)- ਰਾਜਸਥਾਨ ਦੇ ਜੈਪੁਰ ‘ਚ ਇਕ ਕੁੜੀ ਨੇ ਜਾਇਦਾਦ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਆਪਣੀ ਮਾਂ ਦਾ ਕਤਲ ਕਰਵਾ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀ ਧੀ ਸਮੇਤ 7 ਲੋਕਾਂ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ, ਦੋਸ਼ੀਆਂ ਨੇ ਔਰਤ ਦੀ ਮੌਤ ਨੂੰ ਸੜਕ ਹਾਦਸੇ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੂਰਬੀ) ਰੰਜੀਤਾ ਸ਼ਰਮਾ ਨੇ ਕਿਹਾ ਕਿ ਪ੍ਰਤਾਪ ਨਗਰ ਦੇ ਰਵਿੰਦਰ ਨਗਰ ‘ਚ ਰਹਿਣ ਵਾਲੀ ਨੀਰਜ ਸ਼ਰਮਾ (45) ਨੂੰ 3 ਜੁਲਾਈ ਨੂੰ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਨੀਰਜ ਦੇ ਭਰਾ ਰਾਕੇਸ਼ ਨੇ ਕਤਲ ਦਾ ਸ਼ੱਕ ਜਤਾਉਂਦੇ ਹੋਏ ਆਪਣੀ ਭਾਣਜੀ ਅਤੇ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਜਾਂਚ ‘ਚ ਸਾਹਮਣੇ ਆਇਆ ਕਿ ਨੀਰਜ ਦੀ ਮੌਤ ਹਾਦਸਾ ਨਹੀਂ ਸਗੋਂ ਇਕ ਯੋਜਨਾਬੱਧ ਸਾਜ਼ਿਸ਼ ਸੀ। ਉਨ੍ਹਾਂ ਦੱਸਿਆ ਕਿ ਔਰਤ ਦਾ ਕਤਲ ‘ਸੁਪਾੀ’ ਦੇ ਕੇ ਕਰਵਾਇਆ ਗਿਆ ਅਤੇ ਇਸ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਇਸ ਮਾਮਲੇ ‘ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚ ਨੀਰਜ ਦੀ ਧੀ ਆਯੂਸ਼ੀ ਅਤੇ ਉਸ ਦੇ ਤਾਇਆ ਵੀ ਸ਼ਾਮਲ ਹੈ, ਜਦੋਂ ਕਿ ਇਕ ਮੁਲਜ਼ਮ ਅਜੇ ਵੀ ਫ਼ਰਾਰ ਹੈ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੀਰਜ ਦਾ ਪਤੀ ਵਿਜੇ ਕੁਮਾਰ ਸ਼ਰਮਾ ਅਦਾਲਤ ‘ਚ ਜੂਨੀਅਰ ਕਲਰਕ (ਐੱਲਡੀਸੀ) ਵਜੋਂ ਕੰਮ ਕਰਦਾ ਸੀ ਅਤੇ ਲਗਭਗ ਇਕ ਸਾਲ ਪਹਿਲਾਂ ਉਸ ਦੀ ਮੌਤ ਤੋਂ ਬਾਅਦ, ਨੀਰਜ ਨੂੰ ਉਸ ਦੀ ਜਗ੍ਹਾ ‘ਤੇ ਤਰਸਯੋਗ ਨਿਯੁਕਤੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਧੀ ਆਯੂਸ਼ੀ (23) ਖੁਦ ਨੌਕਰੀ ਪ੍ਰਾਪਤ ਕਰਨਾ ਚਾਹੁੰਦੀ ਸੀ। ਪੁਲਸ ਦੇ ਅਨੁਸਾਰ, ਆਯੂਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ,”ਮੇਰੇ ਪਿਤਾ ਵਿਜੇ ਕੁਮਾਰ ਸ਼ਰਮਾ ਦੀ ਮੌਤ ਤੋਂ ਬਾਅਦ, ਮੈਂ ਆਪਣੀ ਮਾਂ ਨੀਰਜ ਨੂੰ ਕਿਹਾ ਕਿ ਉਹ ਮੈਨੂੰ ਮੇਰੇ ਪਿਤਾ ਦੀ ਜਗ੍ਹਾ ‘ਤੇ ਨੌਕਰੀ ਮਿਲ ਜਾਣ ਦਿਓ ਪਰ ਉਹ ਨਹੀਂ ਮੰਨੀ ਅਤੇ ਖੁਦ ਨੌਕਰੀ ਲੱਗ ਗਈ। ਇਸ ਕਾਰਨ ਮੈਂ ਤਣਾਅ ‘ਚ ਆ ਗਈ।” ਪੁਲਸ ਨੇ ਦੱਸਿਆ ਕਿ ਆਯੂਸ਼ੀ ਨੇ ਆਪਣੇ ਤਾਏ ਅਤੇ ਉਸ ਦੇ ਪੁੱਤਰ ਨਾਲ ਮਿਲ ਕੇ ਆਪਣੀ ਮਾਂ ਨੂੰ ਖਤਮ ਕਰਨ, ਉਸ ਦੀ ਜਗ੍ਹਾ ਨੌਕਰੀ ਹਾਸਲ ਕਰਨ ਅਤੇ ਉਸ ਦੇ ਨਾਮ ਦੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਔਰਤ, ਉਸ ਦੇ ਤਾਏ ਅਤੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਹੋਰਾਂ ਸਮੇਤ 7 ਮੁਲਜ਼ਮਾਂ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

