Jathedar Giani Kuldeep Singh Gargajj received a warm welcome from the Sangat upon his arrival in Hong Kong
ਹਾਂਗਕਾਂਗ ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਭਰਵਾਂ ਸਵਾਗਤ
ਅੰਮ੍ਰਿਤਸਰ(ਆਵਾਜ਼ਿ ਕੌਮ ਬਿਊਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਸੱਦੇ ’ਤੇ ਤਿੰਨ ਦਿਨਾਂ ਦੇ ਦੌਰੇ ’ਤੇ ਹਾਂਗਕਾਂਗ ਪੁੱਜੇ ਹਨ। ਹਾਂਗਕਾਂਗ ਪੁੱਜਣ ’ਤੇ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ’ਚ ਭਰਵਾਂ ਸਵਾਗਤ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਪੁੱਜਣ ’ਤੇ ਨੌਜਵਾਨਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਵਾਗਤ ਜੈਕਾਰਿਆਂ ਦੀ ਗੂੰਜ ’ਚ ਕਿਰਪਾਨਾਂ ਦੀ ਛਾਂ ਕਰਕੇ ਕੀਤਾ। ਆਪਣੇ ਤਿੰਨ ਦਿਨਾਂ ਦੇ ਦੌਰੇ ਸਮੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਿਖੇ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕਰਕੇ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਅਤੇ ਸਥਾਨਕ ਸੰਗਤ ਤੇ ਨੌਜਵਾਨਾਂ ’ਚ ਸਿੱਖੀ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਖੇ ਲੱਗਭਗ 125 ਸਾਲ ਪਹਿਲਾਂ ਸਿੱਖ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸੰਨ 1901 ’ਚ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੀ, ਜਿੱਥੇ ਅੱਜ ਸੁੰਦਰ ਗੁਰਦੁਆਰਾ ਖ਼ਾਲਸਾ ਦੀਵਾਨ ਸਿੱਖ ਟੈਂਪਲ ਸਥਿਤ ਹੈ। ਜਥੇਦਾਰ ਗੜਗੱਜ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੀ ਇਸ ਦੌਰੇ ’ਤੇ ਹਾਂਗ ਕਾਂਗ ਪੁੱਜੇ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵੰਤ ਸਿੰਘ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਮੀਤ ਪ੍ਰਧਾਨ ਜੁਗਰਾਜ ਸਿੰਘ ਡੁੱਗਰੀ, ਮੈਂਬਰ ਮਹਿੰਦਰ ਸਿੰਘ ਪੱਕੀ, ਸਾਬਕਾ ਪ੍ਰਧਾਨ ਦਲਜੀਤ ਸਿੰਘ ਜ਼ੀਰਾ, ਸਾਬਕਾ ਬੋਰਡ ਮੈਂਬਰ ਬਲਜਿੰਦਰ ਸਿੰਘ ਦਸਮੇਸ਼ ਨਗਰ, ਸਾਬਕਾ ਬੋਰਡ ਮੈਂਬਰ ਜੁਝਾਰ ਸਿੰਘ, ਸਾਬਕਾ ਸਕੱਤਰ ਜਸਕਰਨ ਸਿੰਘ ਵਾਂਦਰ, ਸਾਬਕਾ ਸਕੱਤਰ ਬਲਜੀਤ ਸਿੰਘ, ਸੁਖਚੈਨ ਸਿੰਘ, ਗਗਨਪ੍ਰੀਤ ਸਿੰਘ, ਜੀਵਨ ਸਿੰਘ, ਤੇਜਪਾਲ ਸਿੰਘ ਅਤੇ ਨਵਜੀਤ ਸਿੰਘ ਵੀ ਹਾਜ਼ਰ ਸਨ।

