The attack happened! ‘Ghuggu’ was hit; Iran carried out AirStrike on UAE, Bahrain, Jordan and Qatar
ਹੋ ਗਿਆ ਹਮਲਾ ! ਵੱਜ ਗਏ ‘ਘੁੱਗੂ’ ; ਇਰਾਨ ਨੇ UAE, ਬਹਿਰੀਨ, ਜਾਰਡਨ ਤੇ ਕਤਰ ‘ਤੇ ਕਰ’ਤੀ AirStrike
Tehran, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ, ਜਿੱਥੇ ਅਮਰੀਕਾ-ਇਰਾਨ ਵਿਚਾਲੇ ਦੀ ਜੰਗ ਖ਼ਤਮ ਹੋਣ ਵੱਲ ਵਧ ਰਹੀ ਸੀ, ਹੁਣ ਮੁੜ ਤੋਂ ਖ਼ਤਰਨਾਕ ਰੂਪ ਧਾਰਨ ਕਰਨ ਲੱਗ ਪਈ ਹੈ। ਇਸੇ ਦੌਰਾਨ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਤੜਕੇ ਅਮਰੀਕਾ ਨੇ ਇਰਾਨ ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਇਸ ਦੇ ਜਵਾਬ ਵਿੱਚ ਇਰਾਨ ਨੇ ਖਾੜੀ ਦੇ ਪ੍ਰਮੁੱਖ ਦੇਸ਼ਾਂ- ਸੰਯੁਕਤ ਅਰਬ ਅਮੀਰਾਤ (UAE), ਕਤਰ, ਜਾਰਡਨ ਅਤੇ ਬਹਿਰੀਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਅਤੇ ਡਰੋਨ ਦਾਗੇ ਹਨ, ਜਿਸ ਤੋਂ ਬਾਅਦ ਇਨ੍ਹਾਂ ਦੇਸ਼ਾਂ ‘ਚ ਹਵਾਈ ਹਮਲੇ ਦੇ ਸਾਇਰਨ ਵੱਜ ਰਹੇ ਹਨ। ਇਰਾਨ ਨੇ ਹੋਰਮੁਜ਼ ‘ਚ ਇੱਕ ਵਪਾਰਕ ਜਹਾਜ਼ ‘ਤੇ ਹਮਲਾ ਕੀਤਾ ਸੀ, ਜਿਸ ਦੇ ਜਵਾਬ ‘ਚ ਅਮਰੀਕਾ ਨੇ ਐਤਵਾਰ ਸਵੇਰੇ ਇਰਾਨ ‘ਤੇ ਸਿੱਧੇ ਹਮਲੇ ਸ਼ੁਰੂ ਕਰ ਦਿੱਤੇ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ- “ਇਰਾਨ ਨੇ ਇੱਕ ਗਲਤ ਫੈਸਲਾ ਲਿਆ। ਹੁਣ ਉਹ ਇਸ ਦੀ ਕੀਮਤ ਚੁਕਾਉਣਗੇ।” ਯੂ.ਏ.ਈ. ਸਰਕਾਰ ਨੇ ਐਤਵਾਰ ਨੂੰ ਆਮ ਜਨਤਾ ਲਈ ਹਵਾਈ ਹਮਲਿਆਂ ਦੀ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਹੈ ਕਿ ਦੇਸ਼ ਵੱਲ ਮਿਜ਼ਾਈਲਾਂ ਅਤੇ ਡਰੋਨ ਆ ਰਹੇ ਹਨ। ਇਸੇ ਦੌਰਾਨ ਗੁਆਂਢੀ ਦੇਸ਼ ਕਤਰ ‘ਚ ਕਈ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ, ਜਿਸ ਤੋਂ ਤੁਰੰਤ ਬਾਅਦ ਉੱਥੇ ਮਿਜ਼ਾਈਲ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਮਰੀਕੀ ਨੇਵੀ ਦੇ 5ਵੀਂ ਫਲੀਟ ਦੇ ਮੁੱਖ ਅੱਡੇ ਬਹਿਰੀਨ ‘ਚ ਵੀ ਇਰਾਨੀ ਮਿਜ਼ਾਈਲ ਹਮਲਿਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਇਰਨ ਵਜਾਏ ਗਏ ਹਨ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ (IRGC) ਨੇ ਐਲਾਨ ਕੀਤਾ ਹੈ ਕਿ ਹੋਰਮੁਜ਼ ਦਾ ਲਾਂਘਾ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹੋਰ ਹਮਲੇ ਕੀਤੇ, ਤਾਂ ਉਹ ਖੇਤਰ ਵਿੱਚ ਮੌਜੂਦ ਦੁਸ਼ਮਣ ਦੇ ਹੋਰ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਉਣਗੇ। ਦੋਵਾਂ ਪਾਸਿਆਂ ਤੋਂ ਹੋਏ ਤਾਜ਼ਾ ਹਮਲਿਆਂ ਕਾਰਨ ਮਿਡਲ ਈਸਟ ‘ਤੇ ਇਕ ਵਾਰ ਫ਼ਿਰ ਤੋਂ ਜੰਗ ਦੇ ਬੱਦਲ ਛਾ ਗਏ ਹਨ। ਉਮੀਦ ਹੈ ਕਿ ਇਸ ਜੰਗ ਦਾ ਗੱਲਬਾਤ ਰਾਹੀਂ ਕੋਈ ਸਥਾਈ ਹੱਲ ਕੱਢਿਆ ਜਾਵੇਗਾ, ਨਹੀਂ ਤਾਂ ਵੱਡੇ ਪੱਧਰ ‘ਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹੇਗਾ।

