USA will seek Lawrence’s extradition from India! American official confirms
ਭਾਰਤ ਤੋਂ ਲਾਰੈਂਸ ਦੀ ਹਵਾਲਗੀ ਮੰਗੇਗਾ USA ! ਅਮਰੀਕੀ ਅਫ਼ਸਰ ਨੇ ਕੀਤੀ ਪੁਸ਼ਟੀ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਨਿਆਂ ਵਿਭਾਗ ਨੇ ਅਧਿਕਾਰਤ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਮਰੀਕਾ ਹਵਾਲਗੀ ਦੀ ਮੰਗ ਕਰੇਗਾ। ਇਹ ਕਦਮ ਅਮਰੀਕਾ ਵੱਲੋਂ ਚਲਾਏ ਗਏ ‘ਆਪ੍ਰੇਸ਼ਨ ਹਾਰਡਬਾਲ’ ਦੇ ਤਹਿਤ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਸਮੇਤ 37 ਲੋਕਾਂ ਖ਼ਿਲਾਫ਼ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਚਲਾਉਣ, ਫੇਸਬੁੱਕ/ਸੋਸ਼ਲ ਮੀਡੀਆ ਰਾਹੀਂ ਫਿਰੌਤੀਆਂ ਮੰਗਣ ਅਤੇ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿਜੱਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ਾਂ ਹੇਠ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ। ਇਕ ਇੰਟਰਵਿਊ ਦੌਰਾਨ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਅਮਰੀਕੀ ਅਟਾਰਨੀ ਦਫਤਰ ਦੇ ਪਬਲਿਕ ਅਫੇਅਰਜ਼ ਅਫਸਰ ਸਿਆਰਨ ਮੈਕਐਵੋਏ ਨੇ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਬਿਸ਼ਨੋਈ, ਜੋ ਕਿ ਭਾਰਤੀ ਜੇਲ੍ਹ ‘ਚ ਬੰਦ ਹੈ ਦੀ ਹਵਾਲਗੀ ਲਈ ਲਈ ਅਮਰੀਕਾ ਭਾਰਤ ਅੱਗੇ ਅਪੀਲ ਕਰ ਸਕਦਾ ਹੈ। ਹਾਲਾਂਕਿ, ਹਵਾਲਗੀ ਇੱਕ ਲੰਬੀ ਤੇ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਹੈ ਅਤੇ ਇਸ ਨੂੰ ਪੂਰਾ ਹੋਣ ਵਿੱਚ ਅਕਸਰ ਕਈ ਸਾਲ ਲੱਗ ਜਾਂਦੇ ਹਨ।” ਅਮਰੀਕੀ ਅਦਾਲਤ ‘ਚ ਦਾਇਰ ਚਾਰਜਸ਼ੀਟ ‘ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰਿਆ ਅਤੇ ਕੈਨੇਡਾ ਸਥਿਤ ਰਵਿੰਦਰ ਸਿੰਘ ਢਾਂਡਾ ਦੇ ਗੈਂਗ ਸ਼ਾਮਲ ਹਨ। ਭਾਰਤ ਅਤੇ ਅਮਰੀਕਾ ਦਰਮਿਆਨ 1997 ਦੀ ਹਵਾਲਗੀ ਸੰਧੀ ਲਾਗੂ ਹੈ, ਪਰ ਸਭ ਤੋਂ ਵੱਡੀ ਕਾਨੂੰਨੀ ਰੁਕਾਵਟ ਇਹ ਹੈ ਕਿ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਅਤੇ ਭਾਰਤ ‘ਚ ਉਸ ‘ਤੇ ਕਤਲ, ਜਬਰਨ ਵਸੂਲੀ ਅਤੇ ਸੰਗਠਿਤ ਅਪਰਾਧ ਦੇ ਦਰਜਨਾਂ ਮਾਮਲੇ ਚੱਲ ਰਹੇ ਹਨ। ਕਾਨੂੰਨੀ ਮਾਹਿਰਾਂ ਮੁਤਾਬਕ, ਭਾਰਤ ਇਹ ਦਲੀਲ ਦੇ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਭਾਰਤੀ ਅਦਾਲਤਾਂ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਜ਼ਾ ਪੂਰੀ ਕਰਨੀ ਪਵੇਗੀ, ਜਿਸ ਤੋਂ ਬਾਅਦ ਹੀ ਉਸ ਨੂੰ ਕਿਸੇ ਹੋਰ ਦੇਸ਼ ਨੂੰ ਸੌਂਪਿਆ ਜਾ ਸਕਦਾ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਤਿਆਰ ਕੀਤੀ ਜਾਣ ਵਾਲੀ ਹਵਾਲਗੀ ਦੀ ਰਸਮੀ ਬੇਨਤੀ ਅਮਰੀਕੀ ਵਿਦੇਸ਼ ਮੰਤਰਾਲੇ ਰਾਹੀਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਭੇਜੀ ਜਾਵੇਗੀ, ਜਿਸ ਤੋਂ ਬਾਅਦ ਭਾਰਤ ਦੀਆਂ ਜਾਂਚ ਏਜੰਸੀਆਂ ਇਸ ਦੀ ਕਾਨੂੰਨੀ ਸਮੀਖਿਆ ਕਰਨਗੀਆਂ ਤੇ ਬਿਸ਼ਨੋਈ ਦੀ ਹਵਾਲਗੀ ਬਾਰੇ ਕੋਈ ਫ਼ੈਸਲਾ ਲੈਣਗੀਆਂ।

