Southall Gurdwara Launches Fundraiser to Support Family of 24-Year-Old Kirandeep Kaur
24 ਸਾਲਾ ਕਿਰਨਦੀਪ ਕੌਰ ਦੀ ਮਦਦ ਲਈ ਸਾਊਥਾਲ ਗੁਰਦੁਆਰਾ ਸਾਹਿਬ ਵੱਲੋਂ ਫੰਡਰੇਜ਼ਰ ਸ਼ੁਰੂ
ਲੰਡਨ/ਸਾਊਥਾਲ, 16 ਜੁਲਾਈ – ਹੇਜ਼ ਵਿੱਚ ਚਾਕੂ ਹਮਲੇ ਦੌਰਾਨ ਮਾਰੀ ਗਈ 24 ਸਾਲਾ ਪੰਜਾਬਣ ਵਿਦਿਆਰਥਣ ਕਿਰਨਦੀਪ ਕੌਰ ਦੇ ਪਰਿਵਾਰ ਦੀ ਸਹਾਇਤਾ ਲਈ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਵਿਸ਼ੇਸ਼ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤ ਅਤੇ ਸਮੁੱਚੀ ਕਮਿਊਨਿਟੀ ਨੂੰ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਕਿਰਨਦੀਪ ਕੌਰ ਪੰਜਾਬ ਤੋਂ ਉੱਚ ਸਿੱਖਿਆ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਸੁਪਨੇ ਨਾਲ ਬਰਤਾਨੀਆ ਆਈ ਸੀ, ਪਰ ਹੇਜ਼ ਵਿੱਚ ਹੋਏ ਕਥਿਤ ਤੌਰ ‘ਤੇ ਬਿਨਾਂ ਕਿਸੇ ਉਕਸਾਵੇ ਦੇ ਚਾਕੂ ਹਮਲੇ ਵਿੱਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਇੱਕ ਵਿਅਕਤੀ ‘ਤੇ ਕਤਲ ਦਾ ਦੋਸ਼ ਆਇਦ ਕੀਤਾ ਗਿਆ ਹੈ ਅਤੇ ਅਦਾਲਤੀ ਕਾਰਵਾਈ ਜਾਰੀ ਹੈ।
ਗੁਰਦੁਆਰਾ ਪ੍ਰਬੰਧਕਾਂ ਅਨੁਸਾਰ ਇਕੱਠੀ ਕੀਤੀ ਜਾਣ ਵਾਲੀ ਰਕਮ ਕਿਰਨਦੀਪ ਕੌਰ ਦੇ ਅੰਤਿਮ ਸੰਸਕਾਰ, ਮ੍ਰਿਤਕ ਦੇਹ ਨੂੰ ਪੰਜਾਬ ਭੇਜਣ, ਪਰਿਵਾਰ ‘ਤੇ ਚੜ੍ਹੇ ਕਰਜ਼ੇ ਦਾ ਬੋਝ ਘਟਾਉਣ ਅਤੇ ਉਸ ਦੇ ਚਾਰ ਮਹੀਨੇ ਦੇ ਮਾਸੂਮ ਬੱਚੇ ਦੀ ਪਰਵਰਿਸ਼ ਲਈ ਵਰਤੀ ਜਾਵੇਗੀ।
ਇਸ ਦੇ ਨਾਲ ਹੀ ਭਲਕੇ ਸ਼ਾਮ 7 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਐਮਰਜੈਂਸੀ ਜਨਤਕ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਕਮਿਊਨਿਟੀ ਦੀ ਸੁਰੱਖਿਆ, ਇਨਸਾਫ਼ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਮੈਟਰੋਪੋਲਿਟਨ ਪੁਲਿਸ, ਬਰਤਾਨਵੀ ਸਰਕਾਰ, ਸਥਾਨਕ ਸੰਸਦ ਮੈਂਬਰਾਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਕੋਲ ਇਹ ਮਾਮਲਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ, ਤਾਂ ਜੋ ਕਮਿਊਨਿਟੀ ਦੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਅਤੇ ਇਨਸਾਫ਼ ਦੀ ਮੰਗ ਨੂੰ ਉੱਚ ਪੱਧਰ ਤੱਕ ਪਹੁੰਚਾਇਆ ਜਾ ਸਕੇ।
