Increase in viral fever and other diseases due to heat, dengue cases also started coming
ਗਰਮੀ ਕਾਰਨ ਵਾਇਰਲ ਬੁਖ਼ਾਰ ਤੇ ਹੋਰ ਬੀਮਾਰੀਆਂ ‘ਚ ਵਾਧਾ, ਡੇਂਗੂ ਦੇ ਮਾਮਲੇ ਵੀ ਆਉਣੇ ਸ਼ੁਰੂ
ਮਾਛੀਵਾੜਾ ਸਾਹਿਬ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਕਾਰਨ ਜਿੱਥੇ ਲੋਕਾਂ ਦਾ ਜਨ ਜੀਵਨ ਬੇਹਾਲ ਹੋਇਆ ਪਿਆ ਹੈ, ਉੱਥੇ ਵਾਇਰਲ ਬੁਖ਼ਾਰ ਅਤੇ ਹੋਰ ਬੀਮਾਰੀਆਂ ਦੇ ਮਰੀਜ਼ਾਂ ਦਾ ਵੀ ਹਸਪਤਾਲਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਾਛੀਵਾੜਾ ਦਾ ਪ੍ਰਾਈਵੇਟ ਹਸਪਤਾਲਾਂ ’ਚ ਵਾਇਰਲ ਬੁਖ਼ਾਰ ਦੇ ਮਰੀਜ਼ ਕਾਫ਼ੀ ਆ ਰਹੇ ਹਨ। ਇਸ ਤੋਂ ਇਲਾਵਾ ਖਾਂਸੀ, ਜ਼ੁਕਾਮ, ਉਲਟੀਆਂ ਆਦਿ ਬੀਮਾਰੀਆਂ ਨੇ ਵੀ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਡੇਂਗੂ ਜੋ ਕਿ ਅਕਸਰ ਅਕਤੂਬਰ, ਨਵੰਬਰ ਮਹੀਨੇ ’ਚ ਇਸ ਦੇ ਮਾਮਲੇ ਦੇਖਣ ’ਚ ਆਉਂਦੇ ਹਨ ਪਰ ਹੁਣ ਇਸ ਦੀ ਸ਼ੁਰੂਆਤ 2-3 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲਾਂ ’ਚੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅਜੇ ਡੇਂਗੂ ਦੀ ਸ਼ੁਰੂਆਤ ਹੈ, ਕਿਉਂਕਿ ਬੁਖ਼ਾਰ ਕਾਰਨ ਪਲੇਟਲੈੱਟ ਸੈੱਲ ਘਟ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 1-2 ਮਰੀਜ਼ਾਂ ਦਾ ਡੇਂਗੂ ਪਾਜ਼ੇਟਿਵ ਆਇਆ ਹੈ ਅਤੇ ਸਮੇਂ ਤੋਂ ਪਹਿਲਾਂ ਡੇਂਗੂ ਦੇ ਮਾਮਲੇ ਸਾਹਮਣੇ ਆਉਣਾ ਚਿੰਤਾਜਨਕ ਹੈ। ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਹੁੰਮਸ ਭਰੀ ਗਰਮੀ ਕਾਰਨ ਪਸੀਨਾ ਜ਼ਿਆਦਾ ਆ ਰਿਹਾ ਹੈ, ਜੋ ਕਿ ਵਾਇਰਲ ਬੁਖ਼ਾਰ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਬਚਾਅ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ। ਡਾ. ਲਖਵਿੰਦਰ ਸਿੰਘ ਨੇ ਕਿਹਾ ਕਿ ਵਾਇਰਲ ਬੁਖਾਰ ਦੇ ਮਰੀਜ਼ਾਂ ’ਚ ਵਾਧਾ ਜ਼ਰੂਰ ਹੋਇਆ ਹੈ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਐੱਮ. ਬੀ. ਬੀ. ਐੱਸ. ਡਾ. ਸੁਨੀਲ ਦੱਤ ਨੇ ਦੱਸਿਆ ਕਿ ਪੰਜਾਬ ’ਚ ਇਸ ਵਾਰ ਮਾਨਸੂਨ ਬਾਰਿਸ਼ ਖੁੱਲ੍ਹ ਕੇ ਨਹੀਂ ਪਈ ਅਤੇ ਹੁੰਮਸ ਭਰੀ ਗਰਮੀ ਕਾਰਨ ਲੋਕ ਬੀਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵਾਇਰਲ ਬੁਖਾਰ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਤੇ ਡੇਂਗੂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਖਾਸ ਕਰਕੇ ਬੱਚੇ ਤੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ। ਡਾਕਟਰ ਦੱਤ ਨੇ ਕਿਹਾ ਕਿ ਬੀਮਾਰੀਆਂ ਤੋਂ ਬਚਣ ਲਈ ਬਾਹਰਲਾ ਜ਼ੰਕ ਫੂਡ ਖਾਣ ਤੋਂ ਪਰਹੇਜ ਰੱਖਿਆ ਜਾਵੇ ਤੇ ਘਰ ਦਾ ਸਾਦਾ ਭੋਜਨ ਹੀ ਖਾਧਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਪਾਣੀ ਨੂੰ ਉਬਾਲ ਕੇ ਪੀਣ ਅਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਉੱਬਲਿਆ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਵਾਇਰਲ ਬੁਖਾਰ ਜਾਂ ਖਾਂਸੀ, ਜ਼ੁਕਾਮ ਹੈ, ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਕਿਉਂਕਿ ਇਸ ਦੇ ਕੀਟਾਣੂ ਬੜੀ ਤੇਜ਼ੀ ਨਾਲ ਫੈਲਦੇ ਹਨ।

