Big news from Punjab politics, big revolt in Akali Dal revival
ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਅਕਾਲੀ ਦਲ ਪੁਨਰ ਸੁਰਜੀਤ ‘ਚ ਵੱਡੀ ਬਗਾਵਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੀ ਸਿਆਸਤ ‘ਚ ਅੱਜ ਉਸ ਵੇਲੇ ਵੱਡਾ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲਿਆ, ਜਦੋਂ ਅਕਾਲੀ ਦਲ ਪੁਨਰ ਸੁਰਜੀਤ ਦੇ 15 ਤੋਂ ਵੱਧ ਸੀਨੀਅਰ ਆਗੂਆਂ ਨੇ ਪਾਰਟੀ ਲੀਡਰਸ਼ਿਪ ਤੋਂ ਬਗਾਵਤ ਕਰਦਿਆਂ ਨਵਾਂ ਰਾਹ ਅਪਣਾਉਣ ਦਾ ਐਲਾਨ ਕਰ ਦਿੱਤਾ। ਸਾਬਕਾ ਰਾਜ ਸਭਾ ਮੈਂਬਰ ਇਕਬਾਲ ਸਿੰਘ ਝੂੰਡਾ ਦੀ ਅਗਵਾਈ ਹੇਠ ਹੋਈ ਪ੍ਰੈੱਸ ਕਾਨਫਰੰਸ ‘ਚ ਸੰਕੇਤ ਦਿੱਤੇ ਗਏ ਕਿ ਇਹ ਧੜਾ ਪੰਥਕ ਏਕਤਾ ਦੇ ਮਕਸਦ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨਾਲ ਮਿਲ ਕੇ ਅੱਗੇ ਵਧੇਗਾ। ਇਸ ਨਾਲ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ ਅਤੇ ਪਾਰਟੀ ‘ਚ ਵੱਧ ਰਹੀ ਟੁੱਟ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਪ੍ਰੈੱਸ ਕਾਨਫਰੰਸ ‘ਚ ਇਕਬਾਲ ਸਿੰਘ ਝੂੰਦਾ ਸਮੇਤ ਕਈ ਪ੍ਰਮੁੱਖ ਆਗੂ ਇਕੱਠੇ ਨਜ਼ਰ ਆਏ। ਕੁੱਝ ਹੀ ਦੇਰ ਬਾਅਦ ਦਾਖਾ ਤੋਂ ਵਿਧਾਇਕ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਆਲੀ ਵੀ ਮੌਕੇ ‘ਤੇ ਪਹੁੰਚੇ, ਜਿਸ ਨਾਲ ਇਹ ਚਰਚਾ ਹੋਰ ਤੇਜ਼ ਹੋ ਗਈ ਕਿ ਦੋਵਾਂ ਧਿਰਾਂ ਵਿਚਕਾਰ ਰਾਜਨੀਤਿਕ ਸਮਝੌਤਾ ਲਗਭਗ ਤੈਅ ਹੋ ਚੁੱਕਾ ਹੈ। ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ ਹੈ, ਜਦੋਂ ਪਿਛਲੇ ਕੁੱਝ ਮਹੀਨਿਆਂ ਤੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਹਿਲਾਂ ਮਨਪ੍ਰੀਤ ਸਿੰਘ ਇਆਲੀ ਪਾਰਟੀ ਤੋਂ ਵੱਖ ਹੋਏ, ਉਸ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਪਰਮਜੀਤ ਕੌਰ ਲਾਂਡਰਾਂ ਅਤੇ ਹੋਰ ਕਈ ਆਗੂ ਵੀ ਪਾਰਟੀ ਛੱਡ ਚੁੱਕੇ ਹਨ। ਕੁੱਝ ਆਗੂ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਵਾਪਸ ਗਏ, ਕੁੱਝ ਭਾਜਪਾ ‘ਚ ਸ਼ਾਮਲ ਹੋਏ, ਜਦੋਂ ਕਿ ਹੁਣ ਵੱਡਾ ਹਿੱਸਾ ‘ਵਾਰਿਸ ਪੰਜਾਬ ਦੇ’ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਇਕਬਾਲ ਸਿੰਘ ਝੂੰਦਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਜਾਂ ਪਾਰਟੀ ਦਾ ਵਿਰੋਧ ਕਰਨਾ ਨਹੀਂ, ਸਗੋਂ ਪੰਥ ਅਤੇ ਪੰਜਾਬ ਦੀ ਭਲਾਈ ਲਈ ਇੱਕ ਸਾਂਝਾ ਮੰਚ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਏਕਤਾ ਲਈ ਜੋ ਸੰਦੇਸ਼ ਦਿੱਤਾ ਗਿਆ ਸੀ, ਉਸ ਨੂੰ ਸਾਕਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ, ਚੰਡੀਗੜ੍ਹ, ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ, ਸਿੱਖ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਜੁੜੇ ਮਸਲੇ ਅੱਜ ਵੀ ਹੱਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਪੰਜਾਬ ਦੇ ਅਸਲ ਮੁੱਦੇ ਪਿੱਛੇ ਧੱਕ ਦਿੱਤੇ ਗਏ ਹਨ ਅਤੇ ਜਦੋਂ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਜਾਂਦਾ ਹੈ ਤਾਂ ਉਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਝੂੰਦਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਅਤੇ ਪੰਜਾਬ ਨਾਲ ਜੁੜੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਹਮਦਰਦੀ ਨਾਲ ਸੁਣ ਕੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਸ ਦੇ ਹੱਕਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਝੂੰਦਾ ਨੇ ਕਿਹਾ ਕਿ ਨਵਾਂ ਗਠਜੋੜ ਸਿੱਖ ਕੌਮ ਦੀ ਵਿਰਾਸਤ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਨਿਰਪੱਖ ਸੋਚ ਨੂੰ ਅੱਗੇ ਲੈ ਕੇ ਚੱਲੇਗਾ। ਉਨ੍ਹਾਂ ਕਿਹਾ ਕਿ ਇਹ ਮੰਚ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਪੰਜਾਬ ਦੇ ਹਰ ਵਰਗ ਦੀ ਆਵਾਜ਼ ਬਣੇਗਾ ਅਤੇ ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਰਾਜਨੀਤੀ ਆਪਣੀ ਅਸਲ ਦਿਸ਼ਾ ਤੋਂ ਭਟਕ ਗਈ ਸੀ, ਜਿਸ ਕਾਰਨ ਪੰਜਾਬ ਦੇ ਲੋਕਾਂ ‘ਚ ਨਿਰਾਸ਼ਾ ਵਧੀ। ਹੁਣ ਲੋੜ ਹੈ ਕਿ ਸਾਰੀਆਂ ਪੰਥਕ ਧਿਰਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇਕੱਠੀਆਂ ਹੋਣ।

