Drugs worth $139 million seized in Ontario, cross-border smuggling network busted; 21 accused face over 100 charges, including 13 Punjabis
ਓਂਟਾਰੀਓ ਵਿੱਚ 139 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ, ਸਰਹੱਦ ਪਾਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 21 ਮੁਲਜ਼ਮਾਂ ’ਤੇ 100 ਤੋਂ ਵੱਧ ਦੋਸ਼, 13 ਪੰਜਾਬੀ ਵੀ ਸ਼ਾਮਲ
ਵਿੰਡਸਰ (ਓਂਟਾਰੀਓ) (ਆਵਾਜ਼ਿ ਕੌਮ ਬਿਊਰੋ)- ਓਂਟਾਰੀਓ ਦੇ ਵਿੰਡਸਰ ਸ਼ਹਿਰ ਤੋਂ ਸ਼ੁਰੂ ਹੋਈ ਇੱਕ ਵੱਡੀ ਡਰੱਗ ਤਸਕਰੀ ਜਾਂਚ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਲਗਭਗ 1.7 ਟਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅੰਦਾਜ਼ਨ ਸੜਕ ਕੀਮਤ 139 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਇਸ ਮਾਮਲੇ ਵਿੱਚ 21 ਵਿਅਕਤੀਆਂ ਖ਼ਿਲਾਫ਼ 100 ਤੋਂ ਵੱਧ ਅਪਰਾਧਿਕ ਦੋਸ਼ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੋ ਮੁਲਜ਼ਮ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਇਹ ਜਾਂਚ ਜਨਵਰੀ 2025 ਵਿੱਚ ਵਿੰਡਸਰ ਪੁਲਿਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਸੀ। ਜਾਂਚ ਅੱਗੇ ਵਧਣ ’ਤੇ ਇਸ ਵਿੱਚ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.), ਅਮਰੀਕਾ ਦੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ (ਐਚ.ਐਸ.ਆਈ.), ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.), ਟੋਰਾਂਟੋ ਪੁਲਿਸ ਸਰਵਿਸ ਅਤੇ ਪੀਲ ਰੀਜਨਲ ਪੁਲਿਸ ਵੀ ਸ਼ਾਮਲ ਹੋ ਗਈਆਂ। ਸਾਂਝੀ ਜਾਂਚ ਦੌਰਾਨ ਸਰਹੱਦ ਦੇ ਦੋਵੇਂ ਪਾਸਿਆਂ ਤੋਂ ਸਬੂਤ ਇਕੱਠੇ ਕੀਤੇ ਗਏ ਅਤੇ ਕਈ ਮਹੀਨਿਆਂ ਤੱਕ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਤਸਕਰੀ ਕਰਨ ਵਾਲਾ ਗਿਰੋਹ ਕਥਿਤ ਤੌਰ ’ਤੇ ਕਮਰਸ਼ੀਅਲ ਟਰੱਕਿੰਗ ਅਤੇ ਟਰਾਂਸਪੋਰਟ ਨੈੱਟਵਰਕ ਦੀ ਵਰਤੋਂ ਕਰਕੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਕਰਦਾ ਸੀ। ਪੁਲਿਸ ਮੁਤਾਬਕ ਗਿਰੋਹ ਕਾਨੂੰਨੀ ਮਾਲ ਦੀ ਢੁਆਈ ਦੀ ਆੜ ਵਿੱਚ ਨਸ਼ੀਲੇ ਪਦਾਰਥ ਸਰਹੱਦ ਪਾਰ ਪਹੁੰਚਾਉਣ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਿਹਾ ਸੀ।
ਜੂਨ ਅਤੇ ਜੁਲਾਈ 2026 ਦੌਰਾਨ ਵਿੰਡਸਰ, ਲਾਸਾਲ, ਬਰੈਂਪਟਨ, ਕੈਲੇਡਨ, ਮਾਰਖਮ, ਕਲਾਈਨਬਰਗ, ਕਿਚਨਰ, ਬੈਰੀ, ਸ਼ੈਲਬਰਨ ਅਤੇ ਕੋਰੁੰਨਾ ਸਮੇਤ ਕਈ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੁੱਲ 22 ਸਰਚ ਵਾਰੰਟ ਲਾਗੂ ਕੀਤੇ ਗਏ।
ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 973 ਕਿਲੋਗ੍ਰਾਮ ਕੋਕੇਨ, 660 ਕਿਲੋਗ੍ਰਾਮ ਮੈਥਾਮਫੇਟਾਮਾਈਨ (ਕ੍ਰਿਸਟਲ ਮੈਥ), 49 ਕਿਲੋਗ੍ਰਾਮ ਅਫ਼ੀਮ, 230 ਆਕਸੀਕੋਡੋਨ ਗੋਲੀਆਂ, 17 ਹਥਿਆਰ, ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ, ਕਰੀਬ 90 ਹਜ਼ਾਰ ਡਾਲਰ ਨਕਦੀ, ਇੱਕ ਵਾਹਨ, ਮਹਿੰਗੇ ਗਹਿਣੇ, ਮਨੀ ਕਾਊਂਟਿੰਗ ਮਸ਼ੀਨਾਂ, 43 ਮੋਬਾਈਲ ਫੋਨ ਅਤੇ 6 ਲੈਪਟਾਪ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਬਰਾਮਦਗੀ ਓਂਟਾਰੀਓ ਵਿੱਚ ਭਾਰ ਦੇ ਹਿਸਾਬ ਨਾਲ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਨਸ਼ਾ-ਵਿਰੋਧੀ ਕਾਰਵਾਈਆਂ ਵਿੱਚੋਂ ਇੱਕ ਹੈ।
ਜਾਂਚ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ, ਤਸਕਰੀ ਦੇ ਉਦੇਸ਼ ਨਾਲ ਨਸ਼ੀਲੇ ਪਦਾਰਥ ਆਪਣੇ ਕਬਜ਼ੇ ਵਿੱਚ ਰੱਖਣ, ਅਪਰਾਧਿਕ ਸਾਜ਼ਿਸ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ ਨਾਲ ਸੰਬੰਧਿਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਜਾਂਚ ਦੌਰਾਨ ਜ਼ਬਤ ਕੀਤੀ ਗਈ ਸੰਪਤੀ ਅਤੇ ਕਥਿਤ ਅਪਰਾਧਿਕ ਕਮਾਈ ਦੀ ਵੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਜਾਰੀ ਸੂਚੀ ਅਨੁਸਾਰ 21 ਮੁਲਜ਼ਮਾਂ ਵਿੱਚੋਂ 13 ਪੰਜਾਬੀ ਮੂਲ ਦੇ ਹਨ, ਜਦਕਿ ਦੋ ਵਿਅਕਤੀਆਂ ਦੇ ਨਾਮ ਜਾਂਚ ਦੇ ਹਿੱਤ ਵਿੱਚ ਹਾਲੇ ਜਨਤਕ ਨਹੀਂ ਕੀਤੇ ਗਏ।
ਪੰਜਾਬੀ ਮੂਲ ਦੇ ਮੁਲਜ਼ਮ:
- ਗਗਨਦੀਪ ਠਿੰਡਲ (27), ਬਰੈਂਪਟਨ – 10 ਚਾਰਜ
- ਸਿਮਰਨਜੀਤ ਸਿੰਘ (32), ਬਰੈਂਪਟਨ – 12 ਚਾਰਜ
- ਕੰਵਰਪਾਲ ਕੁੱਲਰ (32), ਲਾਸਾਲ – 2 ਚਾਰਜ
- ਜਤਿੰਦਰਪਾਲ ਸਿੰਘ (39), ਬਰੈਂਪਟਨ – 2 ਚਾਰਜ
- ਜਸਵਿੰਦਰ ਸੋਹੀ (55), ਬਰੈਂਪਟਨ – 2 ਚਾਰਜ
- ਤੇਜਵਿੰਦਰ ਸੰਧੂ (29), ਬਰੈਂਪਟਨ – 2 ਚਾਰਜ
- ਹਰਵਿੰਦਰ ਸੰਧੂ (33), ਕਿਚਨਰ – 2 ਚਾਰਜ
- ਹਰਿੰਦਰਪਾਲ ਗਰੇਵਾਲ (34), ਬੈਰੀ – 2 ਚਾਰਜ
- ਤਰਮਿੰਦਰ ਸਿੰਘ (19), ਬਰੈਂਪਟਨ – 9 ਚਾਰਜ
- ਅਵਤਾਰ ਸਹੋਤਾ (54), ਸ਼ੈਲਬਰਨ – 2 ਚਾਰਜ
- ਗੁਨਦੀਪ ਤਾਰੀਵਾਲ (32), ਬਰੈਂਪਟਨ – 4 ਚਾਰਜ
- ਮਹਿਕਪ੍ਰੀਤ ਸਿੰਘ (24), ਬਰੈਂਪਟਨ – 8 ਚਾਰਜ
- ਕਰਨਦੀਪ ਸਿੰਘ (27), ਬਰੈਂਪਟਨ – 6 ਚਾਰਜ
ਪੁਲਿਸ ਨੇ ਦੱਸਿਆ ਕਿ ਇਹ ਜਾਂਚ ਹਾਲੇ ਵੀ ਜਾਰੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਸਰਹੱਦ ਪਾਰ ਕੰਮ ਕਰ ਰਹੇ ਇੱਕ ਸੁੰਗਠਿਤ ਡਰੱਗ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਵਾਧੂ ਦੋਸ਼ ਵੀ ਲਗਾਏ ਜਾ ਸਕਦੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫ਼ਰਾਰ ਮੁਲਜ਼ਮਾਂ ਜਾਂ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੋਣ ’ਤੇ ਤੁਰੰਤ ਪੁਲਿਸ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕੀਤਾ ਜਾਵੇ।



