Buying and selling girls on the pretext of doing films! Big revelation in this Mohali case
ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ ‘ਚ ਹੋਇਆ ਵੱਡਾ ਖ਼ੁਲਾਸਾ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਮੋਹਾਲੀ ਤੋਂ ਲਾਪਤਾ ਹੋਈ ਇਕ ਕੁੜੀ ਦੇ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਉਕਤ ਕੁੜੀ ਨੂੰ ਫਿਲਮਾਂ ਕਰਨ ਦੇ ਬਹਾਨੇ ਰਾਜਸਥਾਨ ‘ਚ ਲਿਜਾ ਕੇ ਵੇਚ ਦਿੱਤਾ ਗਿਆ ਹੈ। ਇਸ ਮਾਮਲੇ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਮਾਮਲੇ ‘ਚ ਭਾਵੇਂ ਪੁਲਸ ਨੇ ਦੇਰ ਨਾਲ ਹੀ ਪਰਚਾ ਦਰਜ ਕੀਤਾ ਹੈ ਪਰ ਇਸ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਸੋ ਮੋਟੂ ਲੈਂਦਿਆਂ ਪੁਲਸ ਨੂੰ ਨੋਟਿਸ ਜਾਰੀ ਕਰ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਇਸ ਸਬੰਧੀ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਲਾਪਤਾ ਹੋਈ ਕੁੜੀ ਇਸ ਸਮੇਂ ਰਾਜਸਥਾਨ ‘ਚ ਹੈ, ਉਸ ਨੂੰ ਇਕ ਗੈਂਗ ਵਲੋਂ ਫਿਲਮਾਂ ‘ਚ ਕੰਮ ਕਰਨ ਦੇ ਬਹਾਨੇ ਲਿਜਾ ਕੇ ਅੱਗੇ ਵੇਚ ਦਿੱਤਾ ਗਿਆ ਹੈ। ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਇਸ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਲਾਪਤਾ ਹੋਈ ਕੁੜੀ ਦੀ ਇਕ ਸਹੇਲੀ ਡੇਢ ਲੱਖ ਰੁਪਏ ਦੇ ਕੇ ਵਾਪਸ ਮੋਹਾਲੀ ਪਹੁੰਚੀ ਅਤੇ ਉਕਤ ਕੁੜੀ ਅਤੇ ਲਾਪਤਾ ਕੁੜੀ ਦੀ ਮਾਂ ਵਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਡੀ. ਐੱਸ. ਪੀ. ਸਿਟੀ 2 ਕੋਲ ਵੀ ਉਕਤ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਪਸ ਆਈ ਕੁੜੀ ਦੇ ਪਰਿਵਾਰ ਕੋਲੋਂ ਉਕਤ ਗੈਂਗ ਦੇ ਬੰਦਿਆ ਨੇ ਜਦੋਂ ਡੇਢ ਲੱਖ ਦੀ ਮੰਗ ਕੀਤੀ ਤਾਂ ਕੁੜੀ ਦੇ ਪਿਤਾ ਨੇ ਕਿਹਾ ਕਿ ਉਹ ਗਰੀਬ ਬੰਦਾ ਹੈ ਅਤੇ ਇੰਨੇ ਪੈਸੇ ਨਹੀਂ ਦੇ ਸਕਦਾ ਪਰ ਗੈਂਗ ਦੇ ਲੋਕ ਨਹੀਂ ਮੰਨੇ। ਕੁੜੀ ਦੇ ਪਿਤਾ ਨੇ ਪੈਸੇ ਦਾ ਇੰਤਜ਼ਾਮ ਕਰਨ ਲਈ 2 ਦਿਨ ਦਾ ਸਮਾਂ ਮੰਗਿਆ ਅਤੇ ਪਰਿਵਾਰ ਵਲੋਂ ਆਪਣਾ ਇਕ ਖੇਤ ਅਤੇ ਕੁੱਝ ਗਹਿਣੇ ਗਿਰਵੀ ਰੱਖ ਕੇ ਉਕਤ ਗੈਂਗ ਮੈਂਬਰਾਂ ਦੇ ਖ਼ਾਤੇ ‘ਚ ਆਨਲਾਈਨ ਪੈਸੇ ਟਰਾਂਸਫਰ ਕੀਤੇ ਅਤੇ ਕੁੜੀ ਨੂੰ ਪਹਿਲਾਂ ਪੁਲਸ ਥਾਣੇ ਅਤੇ ਮਗਰੋਂ ਕੁੰਭੜਾ ਪਿੰਡ ਲਿਆਂਦਾ ਗਿਆ। ਵਾਪਸ ਆਈ ਕੁੜੀ ਨੇ ਦੱਸਿਆ ਕਿ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਕਤ ਜਗਾ ‘ਤੇ ਹੋਰ ਵੀ ਕਈ ਕੁੜੀਆਂ ਮੌਜੂਦ ਸਨ, ਜਿਨ੍ਹਾਂ ਦੀ ਖਰੀਦੋ-ਫਰੋਖਤ ਹੋਈ ਜਾਪ ਰਹੀ ਸੀ। ਉਕਤ ਕੁੜੀ ਨੇ ਅੱਗੇ ਖ਼ੁਲਾਸਾ ਕੀਤਾ ਕਿ ਲਾਪਤਾ ਕੁੜੀ ਨੇ ਕਿਸੇ ਦੇ ਮੋਬਾਇਲ ਫੋਨ ਰਾਹੀਂ ਆਪਣੀ ਲੋਕੇਸ਼ਨ ਵੀ ਭੇਜੀ ਹੈ, ਜਿਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਔਰਤ ਉਕਤ ਕੁੜੀਆਂ ਨੂੰ ਝਾਂਸੇ ‘ਚ ਲੈ ਕੇ ਆਪਣੇ ਨਾਲ ਲੈ ਗਈ ਸੀ, ਉਹ ਡਰ ਦੇ ਮਾਰੇ ਵਿਦੇਸ਼ ਭੱਜ ਗਈ ਹੈ, ਜਦੋਂ ਕਿ ਬਾਕੀ ਗੈਂਗ ਮੈਂਬਰ ਇੱਥੇ ਹੀ ਮੌਜੂਦ ਹਨ। ਬਲਵਿੰਦਰ ਕੁੰਭੜਾ ਮੁਤਾਬਕ ਇਹ ਇਕ ਮਨੁੱਖੀ ਤਸਕਰੀ ਦਾ ਮਾਮਲਾ ਹੈ। ਕੁੱਝ ਦਿਨ ਪਹਿਲਾਂ ਲੁਧਿਆਣਾ ਤੋਂ ਵੀ ਕਈ ਕੁੜੀਆਂ ਗਾਇਬ ਹੋਈਆਂ ਸਨ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀ. ਜੀ. ਪੀ ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਇਸ ਮਨੁੱਖੀ ਤਸਕਰੀ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਰਾਜਸਥਾਨ ‘ਚ ਅਗਵਾ ਕਰਕੇ ਰੱਖੀ ਕੁੜੀ ਨੂੰ ਜਲਦ ਛੁਡਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਥਾਣਾ ਫੇਜ਼-8 ਵਿਖੇ ਇਕ ਪਰਚਾ ਦਰਜ ਕੀਤਾ ਗਿਆ ਹੈ ਪਰ ਉਸ ‘ਚ ਹੋਰ ਵੀ ਕਈ ਤਰ੍ਹਾਂ ਦੀਆਂ ਧਾਰਾਵਾਂ ਜੋੜਨੀਆਂ ਬਾਕੀ ਹਨ, ਜਿਸ ਬਾਰੇ ਉਨ੍ਹਾਂ ਮੋਹਾਲੀ ਪੁਲਸ ਪ੍ਰਸਾਸ਼ਨ ਨੂੰ ਮਿਲ ਕੇ ਮੰਗ ਕੀਤੀ ਹੈ।

