‘If you help Iran, the consequences will be ‘very bad”, Trump directly threatens China and Russia
‘ਈਰਾਨ ਦੀ ਮਦਦ ਕੀਤੀ, ਤਾਂ ਨਤੀਜੇ ਹੋਣਗੇ ‘ਬਹੁਤ ਮਾੜੇ”, Trump ਨੇ ਚੀਨ ਤੇ ਰੂਸ ਨੂੰ ਦਿੱਤੀ ਸਿੱਧੀ ਧਮਕੀ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਦੁਨੀਆ ਦੀਆਂ ਦੋ ਵੱਡੀਆਂ ਸ਼ਕਤੀਆਂ, ਚੀਨ ਤੇ ਰੂਸ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰਨਗੀਆਂ। ਟਰੰਪ ਨੇ ਦੱਸਿਆ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਨੂੰ ਇਸ ਬਾਰੇ ਨਿੱਜੀ ਤੌਰ ‘ਤੇ ਭਰੋਸਾ ਦਿੱਤਾ ਹੈ। ਟਰੰਪ ਅਨੁਸਾਰ ਬੀਜਿੰਗ ਵਿੱਚ ਹੋਈ ਇੱਕ ਹਾਲੀਆ ਮੀਟਿੰਗ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਚੀਨ ਕਿਸੇ ਵੀ ਸੂਰਤ ਵਿੱਚ ਇਸਲਾਮਿਕ ਰਿਪਬਲਿਕ ਆਫ ਈਰਾਨ ਨੂੰ ਹਥਿਆਰ ਨਹੀਂ ਵੇਚੇਗਾ। ਇਸ ਵਿੱਚ ਚੀਨੀ ਕੰਪਨੀਆਂ ‘ਤੇ ਲਗਾਈ ਗਈ ਪਾਬੰਦੀ ਵੀ ਸ਼ਾਮਲ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਆਪਸੀ ਸਬੰਧਾਂ ਤੇ ਚੀਨ ਨੂੰ ਦਿੱਤੇ ਜਾ ਰਹੇ ‘ਵੱਡੇ ਫਾਇਦਿਆਂ’ ਦੇ ਮੱਦੇਨਜ਼ਰ ਉਹ ਸ਼ੀ ਜਿਨਪਿੰਗ ਦੇ ਸ਼ਬਦਾਂ ‘ਤੇ ਪੂਰਾ ਭਰੋਸਾ ਕਰਦੇ ਹਨ। ਇਸੇ ਤਰ੍ਹਾਂ ਟਰੰਪ ਨੇ ਦਾਅਵਾ ਕੀਤਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਈਰਾਨ ਨੂੰ ਹਥਿਆਰ ਨਾ ਵੇਚਣ ਦੀ ਗੱਲ ਕਹੀ ਹੈ। ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਬਾਵਜੂਦ, ਪੁਤਿਨ ਨੇ ਇਹ ਵਚਨਬੱਧਤਾ ਦੁਹਰਾਈ ਹੈ। ਟਰੰਪ ਨੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਖੁਦ ਯੂਕਰੇਨ ਨੂੰ ਸਿੱਧੇ ਹਥਿਆਰ ਨਹੀਂ ਵੇਚਦੇ, ਸਗੋਂ ਨਾਟੋ ਦੇਸ਼ਾਂ ਨੂੰ ਹਥਿਆਰ ਵੇਚਦੇ ਹਨ ਜੋ ਇਸਦੀ ਪੂਰੀ ਕੀਮਤ ਅਦਾ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬਾਅਦ ਵਿੱਚ ਉਨ੍ਹਾਂ ਹਥਿਆਰਾਂ ਨੂੰ ਅੱਗੇ ਕਿਵੇਂ ਵੰਡਿਆ ਜਾਂਦਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਰਾਏ ਵਿੱਚ ਚੀਨ ਅਤੇ ਰੂਸ ਵਰਗੇ ਵੱਡੇ ਦੇਸ਼ ਫਿਲਹਾਲ ਈਰਾਨ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਨੇ ਚਿਤਾਵਨੀ ਲਹਿਜੇ ਵਿੱਚ ਕਿਹਾ ਕਿ ਜੇਕਰ ਇਹ ਦੇਸ਼ ਈਰਾਨ ਦੀ ਮਦਦ ਕਰਦੇ ਹਨ, ਤਾਂ ਇਹ ਉਨ੍ਹਾਂ ਲਈ ਬਹੁਤ ਮਾੜਾ ਸਾਬਤ ਹੋਵੇਗਾ ਤੇ ਇਹ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਹੋਵੇਗਾ।

