SFJ calls on Punjab students to boycott government events on August 15
SFJ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ 15 ਅਗਸਤ ਦੇ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਸੱਦਾ
ਲੰਡਨ/ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਸਿੱਖਸ ਫਾਰ ਜਸਟਿਸ (SFJ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੰਜਾਬ ਦੇ ਵਿਦਿਆਰਥੀਆਂ ਨੂੰ 15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਦੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਪੰਨੂ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਤਿਰੰਗਾ ਨਾ ਲਹਿਰਾਉਣ, ਸਲਾਮੀ ਨਾ ਦੇਣ ਅਤੇ ਸਰਕਾਰੀ ਸਮਾਗਮਾਂ ਵਿੱਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ। ਐਸਐਫਜੇ ਵੱਲੋਂ ਇਸ ਦੇ ਨਾਲ ਹੀ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਬੜਾ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨ-ਸਬੰਧੀ ਨਾਅਰਿਆਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਪੰਨੂ ਨੇ ਦਾਅਵਾ ਕੀਤਾ ਕਿ ਇਹ ਨਾਅਰੇ ਪੰਜਾਬ ਦੇ ਰਾਜਨੀਤਿਕ ਭਵਿੱਖ ਬਾਰੇ ਇੱਕ ਸੰਦੇਸ਼ ਹਨ। ਵੀਡੀਓ ਸੰਦੇਸ਼ ਵਿੱਚ ਪੰਨੂ ਨੇ ਕਿਹਾ ਕਿ ਸਿੱਖਾਂ ਲਈ 15 ਅਗ ਸਤ ਆਜ਼ਾਦੀ ਦਾ ਦਿਨ ਨਹੀਂ ਹੈ। ਉਸ ਨੇ ਆਪਣੇ ਸਮਰਥਕ ਵਿਦਿਆਰਥੀਆਂ ਨੂੰ ਖਾਲਿਸਤਾਨ ਰੈਫਰੈਂਡਮ ਮੁਹਿੰਮ ਨਾਲ ਜੁੜਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਚੇਤਾਵਨੀ ਦਿੰਦਿਆਂ ਦਾਅਵਾ ਕੀਤਾ ਕਿ 15 ਅਗਸਤ ਦੇ ਸਰਕਾਰੀ ਸਮਾਗਮਾਂ ਵਿੱਚ ਜੋ ਵੀ ਤਿਰੰਗਾ ਲਹਿਰਾਏਗਾ, ਉਹ ਆਪਣੀ ਜ਼ਿੰਮੇਵਾਰੀ ’ਤੇ ਲਹਿਰਾਏ। ਉਸ ਨੇ ਆਪਣੇ ਸੰਦੇਸ਼ ਵਿੱਚ ਭਾਈ ਦਿਲਾਵਰ ਸਿੰਘ ਬੱਬਰ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ “ਅੱਜ ਵੀ ਭਾਈ ਦਿਲਾਵਰ ਸਿੰਘ ਬੱਬਰ ਦੇ ਵਾਰਸ ਵਿਦਿਆਰਥੀ ਜ਼ਿੰਦਾ ਹਨ।” ਪੰਨੂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਦੇ ਵਿਦਿਆਰਥੀਆਂ ਨੂੰ 15 ਅਗਸਤ ਦੇ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਸਿਆਸੀ ਨਤੀਜੇ ਨਿਕਲ ਸਕਦੇ ਹਨ। ਸੂਤਰਾਂ ਮੁਤਾਬਕ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਬੜਾ ਦੀਆਂ ਕੰਧਾਂ ’ਤੇ ਲਿਖੇ “ਸ਼ਹੀਦ ਖਾਲੜਾ ਜ਼ਿੰਦਾਬਾਦ”, “ਖਾਲਿਸਤਾਨ ਜਾਂ ਹਿੰਦੁਸਤਾਨ” ਅਤੇ “ਫ਼ੈਸਲਾ ਪੰਜਾਬ ਕਰੇਗਾ” ਨਾਅਰਿਆਂ ਨੂੰ ਉੱਚ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰੰਗ ਕਰ ਹਟਾ ਦਿੱਤਾ ਗਿਆ ।

