Growing crisis in Balochistan: Failure of Pakistani governance model and declaration of independence
ਬਲੋਚਿਸਤਾਨ ‘ਚ ਵਧਦਾ ਸੰਕਟ: ਪਾਕਿਸਤਾਨੀ ਸ਼ਾਸਨ ਮਾਡਲ ਦੀ ਅਸਫਲਤਾ ਤੇ ਆਜ਼ਾਦੀ ਦਾ ਐਲਾਨ
Quate, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਇਸ ਸਮੇਂ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦਹਾਕਿਆਂ ਤੋਂ ਚੱਲੀ ਆ ਰਹੀ ਫੌਜੀ ਸ਼ਾਸਨ, ਆਰਥਿਕ ਸ਼ੋਸ਼ਣ ਅਤੇ ਰਾਜਨੀਤਿਕ ਅਣਦੇਖੀ ਨੇ ਇਸ ਖਿੱਤੇ ਨੂੰ ਤਬਾਹੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਪਾਕਿਸਤਾਨ ਦਾ ਸੁਰੱਖਿਆ-ਕੇਂਦ੍ਰਿਤ ਮਾਡਲ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ, ਜਿਸ ਕਾਰਨ ਪੂਰੇ ਦੇਸ਼ ਦੀ ਸਥਿਰਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਇੱਕ ਨਾਟਕੀ ਮੋੜ ਵਿੱਚ 13 ਜੁਲਾਈ 2026 ਨੂੰ ਜਲਾਵਤਨ ਬਲੋਚ ਰਾਸ਼ਟਰਵਾਦੀ ਆਗੂ ਮੀਰ ਯਾਰ ਬਲੋਚ ਨੇ ਇੱਕ ਡਿਜੀਟਲ ਐਲਾਨਨਾਮੇ ਰਾਹੀਂ ਸੁਤੰਤਰ “ਬਲੋਚਿਸਤਾਨ ਗਣਰਾਜ” ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਬਲੋਚਿਸਤਾਨ ਦੇ ਲਗਭਗ 85 ਫੀਸਦੀ ਹਿੱਸੇ ‘ਤੇ ਕੰਟਰੋਲ ਦਾ ਦਾਅਵਾ ਕਰਦਿਆਂ ਨਵਾਂ ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ “ਮਾ ਚੁਕੈਨ ਬਲੋਚਾਨੀ” ਅਤੇ ਨਵੀਂ ਕਰੰਸੀ “ਬਲੋਚੀ ਫਲੂਸ” ਵੀ ਪੇਸ਼ ਕੀਤੀ ਹੈ। ਹਾਲਾਂਕਿ ਇਸ ਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਮਿਲੀ ਹੈ, ਪਰ ਇਹ ਪਾਕਿਸਤਾਨੀ ਰਾਜ ਦੇ ਕਮਜ਼ੋਰ ਹੁੰਦੇ ਕੰਟਰੋਲ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਸੁਰੱਖਿਆ ਦੀ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਪਾਕਿਸਤਾਨ ਨੂੰ ਹੁਣ ਦੁਨੀਆ ਦਾ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਦੇਸ਼ ਮੰਨਿਆ ਗਿਆ ਹੈ। ਗਲੋਬਲ ਟੈਰੋਰਿਜ਼ਮ ਇੰਡੈਕਸ 2026 ਦੀ ਰਿਪੋਰਟ ਵਿੱਚ ਪਾਕਿਸਤਾਨ ਪਹਿਲੇ ਨੰਬਰ ‘ਤੇ ਹੈ। ਅਵਾਰਨ, ਕੋਹਲੂ ਅਤੇ ਕੇਚ ਵਰਗੇ ਕਈ ਪੇਂਡੂ ਜ਼ਿਲ੍ਹਿਆਂ ਵਿੱਚ ਪਾਕਿਸਤਾਨੀ ਫੌਜ ਦਾ ਕੋਈ ਕੰਟਰੋਲ ਨਹੀਂ ਰਿਹਾ। ਸੀਨੀਅਰ ਸਿਆਸਤਦਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਵੀ ਮੰਨਿਆ ਹੈ ਕਿ ਪੂਰਾ ਬਲੋਚ ਖਿੱਤਾ ਪਾਕਿਸਤਾਨ ਦੇ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ। ਬਲੋਚਿਸਤਾਨ ਕੁਦਰਤੀ ਸਰੋਤਾਂ ਜਿਵੇਂ ਕਿ ਗੈਸ (ਸੂਈ) ਅਤੇ ਸੋਨੇ-ਤਾਂਬੇ (ਰੇਕੋ ਡਿਕ) ਨਾਲ ਮਾਲਾਮਾਲ ਹੋਣ ਦੇ ਬਾਵਜੂਦ ਸਭ ਤੋਂ ਪਛੜਿਆ ਹੋਇਆ ਹੈ। ਇੱਥੋਂ ਦੇ ਸਰੋਤਾਂ ਦਾ ਲਾਭ ਪੰਜਾਬ ਅਤੇ ਹੋਰ ਸੂਬਿਆਂ ਨੂੰ ਮਿਲ ਰਿਹਾ ਹੈ, ਜਦਕਿ ਸਥਾਨਕ ਲੋਕ ਬਿਜਲੀ ਅਤੇ ਪੀਣ ਵਾਲੇ ਸਾਫ ਪਾਣੀ ਤੋਂ ਵੀ ਵਾਂਝੇ ਹਨ। ਚੀਨ-ਪਾਕਿਸਤਾਨ ਆਰਥਿਕ ਲਾਂਘੇ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹਨ। ਗਵਾਦਰ ਬੰਦਰਗਾਹ ਦੇ ਨਿਰਮਾਣ ਕਾਰਨ ਮਛੇਰਿਆਂ ਦੀ ਰੋਜ਼ੀ-ਰੋਟੀ ਖੁੱਸ ਗਈ ਹੈ, ਜਿਸ ਕਾਰਨ ਕਈ ਚੀਨੀ ਕੰਪਨੀਆਂ ਹੁਣ ਖਤਰਿਆਂ ਦੇ ਮੱਦੇਨਜ਼ਰ ਇੱਥੋਂ ਆਪਣਾ ਕਾਰੋਬਾਰ ਸਮੇਟ ਰਹੀਆਂ ਹਨ।

