Wildfires in France and Spain force 200,000 people to flee homes
ਫ਼ਰਾਂਸ ਅਤੇ ਸਪੇਨ ’ਚ ਜੰਗਲੀ ਅੱਗ ਕਾਰਨ 2 ਲੱਖ ਲੋਕ ਘਰ ਛੱਡਣ ਲਈ ਮਜਬੂਰ
ਆਰਕਾਸ਼ੋਨ (ਫ਼ਰਾਂਸ) (ਆਵਾਜ਼ਿ ਕੌਮ ਬਿਊਰੋ)- ਫ਼ਰਾਂਸ ਦੇ ਦੱਖਣ-ਪੱਛਮੀ ਅਤੇ ਸਪੇਨ ਦੇ ਮੱਧਵਰਤੀ ਖੇਤਰਾਂ ’ਚ ਭੜਕੀ ਜੰਗਲੀ ਅੱਗ ਕਾਰਨ ਲੱਗਭਗ 2 ਲੱਖ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਮੈਡ੍ਰਿਡ ਅਤੇ ਬੋਰਦੋ ਵਰਗੇ ਮੁੱਖ ਸ਼ਹਿਰਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅੱਗ ਦਾ ਸਭ ਤੋਂ ਵੱਧ ਅਸਰ ਦੇਖਿਆ ਜਾ ਰਿਹਾ ਹੈ। ਦੋਵਾਂ ਯੂਰਪੀ ਦੇਸ਼ਾਂ ’ਚ ਫੈਲੀ ਇਸ ਭਿਆਨਕ ਜੰਗਲੀ ਅੱਗ ’ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਅਤੇ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਨੂੰ ਕਾਫ਼ੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਭਿਆਨਕ ਗਰਮੀ ਅਤੇ ਜਲਵਾਯੂ ਤਬਦੀਲੀ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਕਾਰਨ ਅੱਗ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਸਪੇਨ ਦੇ ਫਾਇਰਫਾਈਟਰਾਂ ਨੇ ਮੰਨਿਆ ਕਿ ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਹਨ ਕਿ ਆਮ ਹਾਲਾਤ ਵਿਚ ਉਨ੍ਹਾਂ ’ਤੇ ਕਾਬੂ ਪਾਉਣਾ ਲੱਗਭਗ ਅਸੰਭਵ ਹੈ। ਫ਼ਰਾਂਸ ਦੇ ਅਟਲਾਂਟਿਕ ਤੱਟੀ ਸੈਰ-ਸਪਾਟਾ ਖੇਤਰਾਂ ਤੱਕ ਅੱਗ ਪਹੁੰਚਣ ’ਤੇ ਕਈ ਲੋਕਾਂ ਨੂੰ ਕਿਸ਼ਤੀਆਂ ਦੇ ਸਹਾਰੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ। ਫ਼ਰਾਂਸ ਦੇ ਗ੍ਰਹਿ ਮੰਤਰਾਲੇ ਅਨੁਸਾਰ, ਦੇਸ਼ ਦੇ ਗਿਰੋਂਦ ਅਤੇ ਲਾਂਦ ਖੇਤਰਾਂ ਵਿਚ ਲੱਗਭਗ 1.41 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਉੱਥੇ ਹੀ, ਸਪੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਮੱਧ ਸਪੇਨ ਵਿਚ ਕਰੀਬ 60,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਫ਼ਰਾਂਸ ਵਿਚ ਅੱਗ ਬੁਝਾਉਣ ਦੌਰਾਨ ਕਈ ਫਾਇਰਫਾਈਟਰ ਜ਼ਖ਼ਮੀ ਹੋ ਗਏ। ਜੰਗਲਾਂ ਤੋਂ ਉੱਠਦੇ ਧੂੰਏਂ ਦੇ ਗੁਬਾਰ ਵਿਚਾਲੇ ਲੋਕ ਆਪਣੀ ਜਾਨ ਬਚਾਉਣ ਲਈ ਕਾਰਾਂ ਰਾਹੀਂ ਸੁਰੱਖਿਅਤ ਥਾਵਾਂ ਵੱਲ ਨਿਕਲ ਪਏ ਅਤੇ ਇਸ ਦੌਰਾਨ ਪੁਲਸ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕਰਦੇ ਰਹੇ।

