BLACKOUT in Punjab! Conditions worsen in many districts, entire system shaken due to power crisis
ਪੰਜਾਬ ‘ਚ BLACKOUT! ਕਈ ਜ਼ਿਲ੍ਹਿਆਂ ‘ਚ ਵਿਗੜੇ ਹਾਲਾਤ, ਬਿਜਲੀ ਸੰਕਟ ਕਾਰਨ ਹਿੱਲਿਆ ਪੂਰਾ ਸਿਸਟਮ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੂਰੇ ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ‘ਚ ਪਹੁੰਚ ਗਈ ਹੈ ਅਤੇ ਬਲੈਕਆਊਟ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਜ਼ਿਲ੍ਹੇ ਹਨ੍ਹੇਰੇ ‘ਚ ਡੁੱਬੇ ਹੋਏ ਹਨ ਅਤੇ ਇਸ ਹੜਤਾਲ ਨੇ ਪੂਰਾ ਸਿਸਟਮ ਹੀ ਹਿਲਾ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ‘ਚ ਹਾਲਾਤ ਬਦਤਰ ਹੋ ਗਏ ਹਨ। ਬਿਜਲੀ ਦੀ ਸਪਲਾਈ ਗੁਲ ਹੋਣ ਕਾਰਨ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਨਾ ਹੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰੇ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਟੋਲ ਫਰੀ ਨੰਬਰ 1912 ’ਤੇ ਕੋਈ ਮੁਲਾਜ਼ਮ ਤਾਇਨਾਤ ਹੈ ਅਤੇ ਨਾ ਹੀ ਉਦਯੋਗਿਕ ਨਗਰ ‘ਚ ਬਿਜਲੀ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਸਟਾਫ਼ ਮੌਜੂਦ ਹੈ। ਹਾਲਾਤ ਇਸ ਤਰ੍ਹਾਂ ਤਰਸਯੋਗ ਬਣੇ ਹੋਏ ਹਨ ਕਿ ਆਮ ਜਨਤਾ ਮੁਲਾਜ਼ਮਾਂ ਦੀ ਹੜਤਾਲ ਤੇ ਸਰਕਾਰ ਦੇ ਸਖ਼ਤ ਰਵੱਈਏ ਦੇ ਵਿਚ ਚੱਕੀ ‘ਚ ਘੁਣ ਵਾਂਗ ਪਿਸਣ ਲਈ ਮਜਬੂਰ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਕੲਂ ਇਲਾਕਿਆਂ ‘ਚ ਦੁਪਹਿਰ ਦੇ ਸਮੇਂ ਬੰਦ ਹੋਈ ਬਿਜਲੀ ਦੀ ਸਪਲਾਈ ਦੇਰ ਰਾਤ ਨੂੰ ਖ਼ਬਰ ਲਿਖੇ ਜਾਣ ਤੱਕ ਬਹਾਲ ਨਹੀਂ ਹੋ ਸਕੀ ਸੀ। ਅਜਿਹੇ ‘ਚ ਲਗਤਾਰ ਕਈ ਘੰਟਿਆਂ ਤੱਕ ਆਮ ਲੋਕਾਂ ਦੇ ਘਰਾਂ ਅਤੇ ਉਦਯੋਗਿਕ ਘਰਾਣਿਆਂ ‘ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਪੂਰੇ ਸ਼ਹਿਰ ‘ਚ ਪੀਣ ਦੇ ਪਾਣੀ ਦੀ ਸਮੱਸਿਆ ਪੈਦਾ ਹੋਣ ਦੇ ਨਾਲ ਹੀ ਇਨਵਰਟਰ, ਜਨਰੇਟਰ ਤੇ ਇੰਟਰਨੈੱਟ ਸੇਵਾਵਾਂ ਪੂਰ ਤਰ੍ਹਾਂ ਬੰਦ ਹੋ ਕੇ ਰਹਿ ਗਈ। ਮੰਨਿਆ ਜਾ ਰਿਹਾ ਹੈ ਕਿ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ 90 ਤੋਂ 95 ਫੀਸਦੀ ਸਟਾਫ਼ ਹੜਤਾਲ ‘ਤੇ ਚੱਲ ਰਿਹਾ ਹੋਵੇ, ਜਿਸ ਸਬੰਧੀ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਦੀ ਆਮ ਜਨਤਾ ਵਿਚ ਜੰਮ ਕੇ ਕਿਰਕਿਰੀ ਹੋ ਰਹੀ ਹੈ ਪਰ ਇਸ ਗੱਲ ਦਾ ਸ਼ਾਇਦ ਸਰਕਾਰ ਤੇ ਮੈਨੇਜਮੈਂਟ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੋ ਰਿਹਾ। ਪਾਵਰਕਾਮ ਵਿਭਾਗ ਨਾਲ ਸਬੰਧਿਤ ਹੜਤਾਲੀ ਮੁਲਾਜ਼ਮਾਂ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਸ਼ੇਅਰ ਕੀਤੀ ਇਕ ਮਹੱਤਵਪੂਰਨ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਵਰਕਾਮ ਅਧਿਕਾਰੀਆਂ ਵੱਲੋਂ ਆਪਣੀ ਸ਼ਾਖ ਬਚਾਉਣ ਲਈ ਅਣਜਾਣ ਮੁਲਾਜ਼ਮਾਂ ਦੀ ਡਿਊਟੀ ਬਿਜਲੀ ਗਰਿੱਡਾਂ ਤੇ ਫੀਡਰਾਂ ’ਤੇ ਲਾਈ ਗਈ ਹੈ, ਜਿੱਥੇ ਬਿਨਾਂ ਤਜੁਰਬੇ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਸਪਲਾਈ ਆਨ-ਆਫ ਕਰਨ ਲਈ ਅਜਿਹੀਆਂ ਕਾਰਵਾਈਆ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਬਿਜਲੀ ਘਰਾਂ, ਫੀਡਲਰਾਂ ਆਦਿ ਵਿਚ ਸ਼ਾਰਟ ਸਰਕਟ ਅਤੇ ਬਿਜਲੀ ਦੀਆਂ ਲਾਈਨਾਂ ਵਿਚ ਵੱਡੇ ਧਮਾਕੇ ਹੋ ਰਹੇ ਹਨ। ਉਨ੍ਹਾਂ ਜਨਤਾ ਨੂੰ ਅਜਿਹੀ ਕਿਸੇ ਵੀ ਵੱਡੀ ਲਾਪਰਵਾਹੀ ਤੋਂ ਬਚਣ ਲਈ ਸੁਰੱਖਿਅਤ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਇਸ ਦੌਰਾਨ ਦੇਰ ਰਾਤ ਨੂੰ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਗੁਰੂ ਨਾਨਕ ਦੇਵ ਨਗਰ, ਸਰਦਾਰ ਨਗਰ, ਫਰੀਦ ਨਗਰ, ਜਗਦੀਪ ਨਗਰ, ਸੁੰਦਰ ਨਗਰ, ਸ਼ਿਵਪੁਰੀ, ਪ੍ਰੀਤਮ ਨਗਰ, ਨਿਊ ਸ਼ਿਵਪੁਰੀ ਆਦਿ ਇਲਾਕਿਆਂ ਵਿਚ ਹਾਹਾਕਾਰ ਮਚੀ ਰਹੀ। ਲੋਕ ਪੀਣ ਵਾਲਾ ਪਾਣੀ ਭਰਨ ਲਈ ਖਾਲੀ ਭਾਂਡੇ ਲੈ ਕੇ ਇਧਰ-ਉਧਰ ਭਟਕਦੇ ਨਜ਼ਰ ਆਏ। ਉਧਰ ਪਾਵਰਕਾਮ ਅਧਿਕਾਰੀਆਂ ਨੇ ਆਪਣੀ ਮਜਬੂਰੀ ਦੱਸਦੇ ਦਾਅਵਾ ਕੀਤਾ ਹੈ ਕਿ 90 ਫ਼ੀਸਦੀ ਸਟਾਫ਼ ਹੜਤਾਲ ‘ਤੇ ਹੈ। ਅਜਿਹੇ ਵਿਚ ਪੂਰੇ ਸ਼ਹਿਰ ਵਿਚ ਬਿਜਲੀ ਦੀ ਸਪਲਾਈ ਵਿਵਸਥਾ ਬਹਾਲ ਰੱਖਣ ਲਈ ਕੇਵਲ 10 ਫ਼ੀਸਦੀ ਸਟਾਫ਼, ਜਿਸ ਵਿਚ ਐੱਸ. ਡੀ. ਓ., ਐਕਸੀਅਨ, ਐੱਸ. ਈ. ਅਤੇ ਚੀਫ ਇੰਜੀਨੀਅਰ ਪੱਧਰ ਦੇ ਅਧਿਕਾਰੀ ਦਿਨ-ਰਾਤ ਬਿਜਲੀ ਘਰਾਂ ਅਤੇ ਦਫਤਰਾਂ ਵਿਚ ਡਿਊਟੀ ਦੇ ਰਹੇ ਹਨ ਤਾਂ ਕਿ ਲੋਕਾਂ ਨੂੰ ਬਿਜਲੀ ਦੀ ਬਿਹਤਰ ਸਪਲਾਈ ਵਿਵਸਥਾ ਮੁਹੱਈਆ ਕਰਵਾਈ ਜਾ ਸਕੇ।

