Akali-BJP alliance brings cheer to prospective candidates; hope for victory begins to emerge
ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜੇ, ਦਿੱਸਣ ਲੱਗੀ ਜਿੱਤ ਦੀ ਉਮੀਦ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿਚ ਲਗਭਗ 6 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗਠਜੋੜ ਹੋਣ ਨਾਲ ਦੋਵਾਂ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜ ਉੱਠੇ ਹਨ। ਖ਼ਾਸ ਕਰਕੇ ਉਨ੍ਹਾਂ ਆਗੂਆਂ ਵਿਚ ਗਠਜੋੜ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਤ ਘੱਟ ਫ਼ਰਕ ਨਾਲ ਹਾਰ ਦਾ ਸਾਹਮਣਾ ਕੀਤਾ ਸੀ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਈ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਨੇ ਸਖ਼ਤ ਮੁਕਾਬਲਾ ਕੀਤਾ ਸੀ ਪਰ ਕੁਝ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਸ ਸਮੇਂ ਭਾਜਪਾ ਅਤੇ ਅਕਾਲੀ ਦਲ ਵੱਖ-ਵੱਖ ਚੋਣ ਮੈਦਾਨ ‘ਚ ਉਤਰੇ ਸਨ, ਜਿਸ ਦਾ ਅਸਰ ਕਈ ਵਿਧਾਨ ਸਭਾ ਸੀਟਾਂ ਦੇ ਚੋਣ ਸਮੀਕਰਨਾਂ ‘ਤੇ ਵੀ ਵੇਖਣ ਨੂੰ ਮਿਲਿਆ ਸੀ। ਹੁਣ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਚਰਚਾ ਨੇ ਇਨ੍ਹਾਂ ਆਗੂਆਂ ਦੀਆਂ ਸਿਆਸੀ ਉਮੀਦਾਂ ਨੂੰ ਇਕ ਵਾਰ ਫਿਰ ਖੰਭ ਲਾ ਦਿੱਤੇ ਹਨ। ਸੰਭਾਵੀ ਉਮੀਦਵਾਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਹੋਣ ਨਾਲ ਦੋਵਾਂ ਪਾਰਟੀਆਂ ਦੇ ਰਵਾਇਤੀ ਵੋਟ ਬੈਂਕ ਇਕੱਠੇ ਹੋ ਸਕਦੇ ਹਨ। ਇਸ ਨਾਲ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਅਤੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ, ਜਿੱਥੇ ਪਿਛਲੀਆਂ ਚੋਣਾਂ ਵਿਚ ਮਾਮੂਲੀ ਫ਼ਰਕ ਨਾਲ ਹਾਰ ਮਿਲੀ ਸੀ। ਦੋਵਾਂ ਪਾਰਟੀਆਂ ‘ਚ ਗੱਠਜੋੜ ਹੋਣ ਨਾਲ ਉਨ੍ਹਾਂ ਨੂੰ ਇਕ-ਦੂਜੇ ਦੇ ਸਮਰਥਕਾਂ ਦਾ ਵੀ ਸਹਿਯੋਗ ਮਿਲੇਗਾ, ਜਿਸ ਨਾਲ ਚੋਣ ਮੁਕਾਬਲਾ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਸਕਦਾ ਹੈ। ਇਸ ਤੋਂ ਇਲਾਵਾ ਗਠਜੋੜ ਨਾਲ ਵਰਕਰਾਂ ਵਿਚ ਵੀ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਹਾਲਾਂਕਿ ਅਜੇ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅੰਤਿਮ ਤਸਵੀਰ ਸਾਹਮਣੇ ਆਉਣੀ ਬਾਕੀ ਹੈ ਪਰ ਗਠਜੋੜ ਹੋਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਆਗੂਆਂ ਨੇ ਸਿਆਸੀ ਸਰਗਰਮੀ ਵਧਾ ਦਿੱਤੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਗਠਜੋੜ ਦੀ ਸਥਿਤੀ ਵਿਚ ਕਿਹੜੀ ਸੀਟ ਕਿਸ ਪਾਰਟੀ ਦੇ ਹਿੱਸੇ ਆਉਂਦੀ ਹੈ ਅਤੇ ਕਿਹੜੇ ਚਿਹਰਿਆਂ ਨੂੰ ਚੋਣ ਮੈਦਾਨ ‘ਚ ਉਤਰਨ ਦਾ ਮੌਕਾ ਮਿਲਦਾ ਹੈ।

