ED raid at the home of a senior Akali leader and prospective candidate
ਸੀਨੀਅਰ ਅਕਾਲੀ ਆਗੂ ਤੇ ਸੰਭਾਵੀ ਉਮੀਦਵਾਰ ਦੇ ਘਰ ਈ. ਡੀ. ਦੀ ਰੇਡ
ਖਰੜ (ਆਵਾਜ਼ਿ ਕੌਮ ਬਿਊਰੋ)- ਅਕਾਲੀ-ਭਾਜਪਾ ਦੇ ਗਠਜੋੜ ਤੋਂ ਅਗਲੇ ਹੀ ਦਿਨ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਘਰ ਈਡੀ ਦੀ ਇਕ ਟੀਮ ਨੇ ਛਾਪਾ ਮਾਰਿਆ ਹੈ। ਪਤਾ ਲੱਗਾ ਹੈ ਕਿ ਇਹ ਰੇਡ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ ਹੋਈ ਹੈ। ਖੇੜਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਵਿਚ ਗਿਣੇ ਜਾਂਦੇ ਹਨ ਅਤੇ ਖੇੜਾ ਨੂੰ ਅਕਾਲੀ ਦਲ ਵੱਲੋਂ ਖਰੜ ਦਾ ਹਲਕਾ ਇੰਚਾਰਜ ਵੀ ਥਾਪਿਆ ਗਿਆ ਹੈ। ਰਵਿੰਦਰ ਸਿੰਘ ਖੇੜਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਖਰੜ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਈਡੀ ਦੀ ਰੇਡ ਮੌਕੇ ਪੰਜਾਬ ਪੁਲਸ ਅਤੇ ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਹਨ। ਸੂਤਰ ਦੱਸਦੇ ਹਨ ਕਿ ਪੁਰਾਣੇ ਮਾਮਲੇ ਨੂੰ ਲੈ ਕੇ ਈਡੀ ਵੱਲੋਂ ਇਹ ਕਾਰਵਾਈ ਕੀਤੀ ਹੈ। ਸੂਤਰਾਂ ਮੁਤਾਬਕ ਲੁਭਾਣਗੜ੍ਹ (ਖਰੜ) ਸਥਿਤ ‘ਗੁਰੂ ਕ੍ਰਿਪਾ ਰਾਈਸ ਐਂਡ ਐਗਰੋ ਇੰਡਸਟਰੀਜ਼’ ਦੇ ਮਾਲਕ ਰਵਿੰਦਰ ਸਿੰਘ ਖੇੜਾ ਨੂੰ ਜਨਵਰੀ 2023 ਵਿੱਚ ਕੇਂਦਰੀ ਜਾਂਚ ਬਿਊਰੋ ਵੱਲੋਂ ਭਾਰਤੀ ਖ਼ੁਰਾਕ ਨਿਗਮ ਦੇ ਇਕ ਅਧਿਕਾਰੀ ਸਮੇਤ 50,000 ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ ਕਥਿਤ ਸੈਲਰ ਘੁਟਾਲੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਈਡੀ ਕੋਲ ਟਰਾਇਲ ਚੱਲ ਰਿਹਾ ਸੀ।

